Punjab News: ਟਰਾਂਸਪੋਰਟ ਵਿਭਾਗ ਵੱਲੋਂ ਰੇਤੇ-ਬਜਰੀ ਦੀ ਢੋਆ-ਢੁਆਈ ਦੇ ਰੇਟ ਤੈਅ, ਵੱਧ ਰੇਟ ਲੈਣ ਵਾਲਿਆਂ 'ਤੇ ਹੋਵੇਗੀ ਕਾਰਵਾਈ
ਮਿੱਟੀ, ਸੁਰਖੀ, ਰੇਤ, ਰਾਖ, ਬਜਰੀ, ਗਟਕਾ, ਸਟੋਨ ਬੋਲਡਰ, ਕੰਕਰ ਅਤੇ ਇਮਾਰਤੀ ਮਲਬੇ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟਾਂ ਨੂੰ ਵੱਖ-ਵੱਖ ਰੇਟ ਸਲੈਬਾਂ ਵਿੱਚ ਵੰਡਿਆ ਗਿਆ ਹੈ।
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਖਾਣਾਂ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1957 ਤਹਿਤ ਪਰਿਭਾਸ਼ਿਤ ਮਾਇਨਰ ਖਣਿਜਾਂ ਦੀ ਪੰਜਾਬ ਰਾਜ ਵਿੱਚ ਢੋਆ-ਢੁਆਈ ਲਈ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿੱਟੀ, ਸੁਰਖੀ, ਰੇਤ, ਰਾਖ, ਬਜਰੀ, ਗਟਕਾ, ਸਟੋਨ ਬੋਲਡਰ, ਕੰਕਰ ਅਤੇ ਇਮਾਰਤੀ ਮਲਬੇ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟਾਂ ਨੂੰ ਵੱਖ-ਵੱਖ ਰੇਟ ਸਲੈਬਾਂ ਵਿੱਚ ਵੰਡਿਆ ਗਿਆ ਹੈ।
Cabinet Minister @Laljitbhullar informed that the transport department has fixed the rates for the transportation of minor mineral as defined under Mines & Mineral (Development and Regulation) Act, 1957 in Punjab and this move will stop the trend of charging rates arbitrarily. pic.twitter.com/sChhgKuEsL
— Government of Punjab (@PunjabGovtIndia) December 26, 2022
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਢੋਆ-ਢੁਆਈ ਦੇ ਰੇਟ ਤੈਅ ਕਰਨ ਨਾਲ ਟਰਾਂਸਪੋਰਟਰਾਂ ਵੱਲੋਂ ਮਨਮਰਜ਼ੀ ਦੇ ਰੇਟ ਵਸੂਲਣ ਦੇ ਰੁਝਾਨ ਨੂੰ ਠੱਲ੍ਹ ਪਵੇਗੀ ਅਤੇ ਸਿੱਧੇ ਤੌਰ ‘ਤੇ ਲੋਕਾਂ ਦਾ ਪੈਸਾ ਬਚੇਗਾ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 0.5 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਦੀ ਦੂਰੀ ਲਈ ਰੇਟ 68.49 ਰੁਪਏ ਤੋਂ 349.82 ਰੁਪਏ ਪ੍ਰਤੀ ਮੀਟਰਕ ਟਨ ਦਰਮਿਆਨ ਹੋਵੇਗਾ।ਇਸੇ ਤਰ੍ਹਾਂ, 51 ਕਿਲੋਮੀਟਰ ਤੋਂ 100 ਕਿਲੋਮੀਟਰ ਤੱਕ ਦੀਆਂ ਦਰਾਂ 352.61 ਰੁਪਏ ਤੋਂ 467.95 ਰੁਪਏ ਪ੍ਰਤੀ ਮੀਟਰਕ ਟਨ ਵਿਚਕਾਰ ਹੋਣਗੀਆਂ।
ਉਨ੍ਹਾਂ ਦੱਸਿਆ ਕਿ 101 ਕਿਲੋਮੀਟਰ ਤੋਂ 150 ਕਿਲੋਮੀਟਰ ਦੀ ਦੂਰੀ ਲਈ 469.11 ਰੁਪਏ ਤੋਂ 526.19 ਰੁਪਏ ਪ੍ਰਤੀ ਮੀਟਰਕ ਟਨ ਦਰਮਿਆਨ ਰੇਟ ਤੈਅ ਕੀਤਾ ਗਿਆ ਹੈ, 151 ਕਿਲੋਮੀਟਰ ਤੋਂ 200 ਕਿਲੋਮੀਟਰ ਦੀ ਦੂਰੀ ਲਈ 527.27 ਰੁਪਏ ਤੋਂ 579.78 ਰੁਪਏ ਪ੍ਰਤੀ ਮੀਟਰਕ ਟਨ ਦਰਮਿਆਨ ਕੀਮਤ ਤੈਅ ਕੀਤੀ ਗਈ ਹੈ।
ਇਸੇ ਤਰ੍ਹਾਂ 201 ਕਿਲੋਮੀਟਰ ਤੋਂ 250 ਕਿਲੋਮੀਟਰ ਤੱਕ ਦੀ ਦੂਰੀ ਲਈ 580.85 ਰੁਪਏ ਤੋਂ ਲੈ ਕੇ 633.38 ਰੁਪਏ ਪ੍ਰਤੀ ਮੀਟਰਕ ਟਨ ਵਿਚਕਾਰ ਰੇਟ ਤੈਅ ਕੀਤੇ ਗਏ ਹਨ ਜਦਕਿ 251 ਕਿਲੋਮੀਟਰ ਤੋਂ 300 ਕਿਲੋਮੀਟਰ ਤੱਕ ਦੀ ਦੂਰੀ ਲਈ 634.44 ਰੁਪਏ ਤੋਂ 686.96 ਰੁਪਏ ਪ੍ਰਤੀ ਮੀਟਰਕ ਟਨ ਦੇ ਦਰਮਿਆਨ ਰੇਟ ਮਿੱਥਿਆ ਗਿਆ ਹੈ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਲਈ ਰੇਤੇ-ਬਜਰੀ ਦੀ ਢੋਆ-ਢੁਆਈ ਵਾਸਤੇ 686.96 ਰੁਪਏ ਦੀ ਨਿਰਧਾਰਤ ਹੱਦ ਉਤੇ 1.07 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਰੇਟ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।