Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Corporation and Council Elections: ਪੰਜਾਬ ਵਿੱਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ। ਪੰਜਾਬ ਵਿੱਚ 21 ਦਸੰਬਰ ਨੂੰ ‘ਡਰਾਈ ਡੇ’ ਐਲਾਨਿਆ ਗਿਆ ਹੈ। ਸੂਬੇ ਅੰਦਰ ਪੰਜ ਨਗਰ ਨਿਗਮਾਂ ਤੇ 41 ਨਗਰ ਕੌਂਸਲਾਂ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਕਰਕੇ ਇਹ ਐਲਾਨ ਕੀਤਾ ਗਿਆ ਹੈ।
Corporation and Council Elections: ਪੰਜਾਬ ਵਿੱਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ। ਪੰਜਾਬ ਵਿੱਚ 21 ਦਸੰਬਰ ਨੂੰ ‘ਡਰਾਈ ਡੇ’ ਐਲਾਨਿਆ ਗਿਆ ਹੈ। ਸੂਬੇ ਅੰਦਰ ਪੰਜ ਨਗਰ ਨਿਗਮਾਂ ਤੇ 41 ਨਗਰ ਕੌਂਸਲਾਂ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਕਰਕੇ ਇਹ ਐਲਾਨ ਕੀਤਾ ਗਿਆ ਹੈ। ਇਸ ਲਈ ਅੱਜ ਸ਼ਰਾਬ ਦੇ ਠੇਕਿਆਂ ਅੱਗੇ ਭੀੜਾਂ ਲੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਚੋਣਾਂ ਵਾਲੇ ਖੇਤਰਾਂ ’ਚ ਜਨਤਕ ਛੁੱਟੀ ਐਲਾਨੀ ਗਈ ਹੈ।
ਨਿਗਮ ਤੇ ਕੌਂਸਲ ਚੋਣਾਂ ਲਈ 21 ਦਸੰਬਰ ਨੂੰ ਵੋਟਾਂ ਸਵੇਰ 7 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੋਵੇਗੀ। ਪੰਜਾਬ ਰਾਜ ਚੋਣ ਕਮਿਸ਼ਨ ਨੇ 8 ਦਸੰਬਰ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਤੇ 14 ਦਸੰਬਰ ਨੂੰ ਨਾਮਜ਼ਦਗੀਆਂ ਦੀਆਂ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਸੀ। ਜ਼ਿਮਨੀ ਚੋਣਾਂ ’ਚੋਂ ਗ਼ੈਰਹਾਜ਼ਰ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਲੜ ਰਿਹਾ ਹੈ। ਭਾਜਪਾ ਲਈ ਵੀ ਇਹ ਚੋਣਾਂ ਵੱਕਾਰੀ ਹਨ ਕਿਉਂਕਿ ਜ਼ਿਮਨੀ ਚੋਣਾਂ ’ਚ ਭਾਜਪਾ ਦੇ ਚਾਰ ’ਚੋਂ ਤਿੰਨ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਭਗਵਾਂ ਪਾਰਟੀ ਇਨ੍ਹਾਂ ਚੋਣਾਂ ’ਚ ਪਹਿਲੀ ਵਾਰ ਅਕਾਲੀ ਦਲ ਦੇ ਸਾਥ ਬਿਨਾਂ ਤੋਂ ਉੱਤਰੀ ਹੈ।
ਸਿਆਸੀ ਧਿਰਾਂ ਨੇ ਸਭ ਤੋਂ ਵੱਧ ਸਿਆਸੀ ਤਾਣ ਨਗਰ ਨਿਗਮ ਅੰਮ੍ਰਿਤਸਰ, ਜਲੰਧਰ ਨਿਗਮ, ਲੁਧਿਆਣਾ ਨਿਗਮ, ਫਗਵਾੜਾ ਤੇ ਪਟਿਆਲਾ ਨਿਗਮ ਦੀ ਚੋਣ ’ਤੇ ਲਾਇਆ ਹੈ। ਇਸ ਤੋਂ ਇਲਾਵਾ 41 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋ ਰਹੀਆਂ ਹਨ। ਨਿਗਮ ਤੇ ਕੌਂਸਲ ਚੋਣਾਂ ’ਚ ਵੋਟਿੰਗ ਲਈ ਈਵੀਐਮਜ਼ ਦੀ ਵਰਤੋਂ ਕੀਤੀ ਜਾਣੀ ਹੈ। ਨਿਗਮ ਤੇ ਕੌਂਸਲ ਚੋਣਾਂ ਵਿੱਚ ਕੁੱਲ 37,32,636 ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰ ਸਕਣਗੇ ਜਿਨ੍ਹਾਂ ਵਿੱਚ 19,55,888 ਪੁਰਸ਼, 17,76,544 ਮਹਿਲਾਵਾਂ ਤੇ 204 ਹੋਰ ਸ਼ਾਮਲ ਹਨ।
ਨਗਰ ਨਿਗਮਾਂ ਦੇ 381 ਵਾਰਡਾਂ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ 598 ਵਾਰਡਾਂ ਲਈ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨਰ ਵੱਲੋਂ ਇਨ੍ਹਾਂ ਚੋਣਾਂ ’ਚ 23 ਹਜ਼ਾਰ ਅਧਿਕਾਰੀ ਤੇ ਮੁਲਾਜ਼ਮ ਚੋਣ ਅਮਲੇ ਵਜੋਂ ਤਾਇਨਾਤ ਕੀਤੇ ਜਾਣਗੇ। ਵੋਟਾਂ ਲਈ ਕੁੱਲ 1,609 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ 3,809 ਪੋਲਿੰਗ ਬੂਥ ਸ਼ਾਮਲ ਹਨ। ਨਿਗਮ ਤੇ ਕੌਂਸਲ ਚੋਣਾਂ ਲਈ 3,336 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਚੋਣਾਂ ਲਈ ਕੁੱਲ 4947 ਨਾਮਜ਼ਦਗੀਆਂ ਹੋਈਆਂ ਸਨ ਜਿਨ੍ਹਾਂ ’ਚੋਂ 439 ਰੱਦ ਹੋ ਗਈਆਂ ਤੇ 1172 ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ ਸਨ। ਅੰਮ੍ਰਿਤਸਰ ਨਿਗਮ ਦੇ 85 ਵਾਰਡਾਂ ਲਈ 476 ਉਮੀਦਵਾਰ, ਜਲੰਧਰ ਨਿਗਮ ਦੇ 85 ਵਾਰਡਾਂ ਲਈ 380 ਉਮੀਦਵਾਰ, ਫਗਵਾੜਾ ਨਿਗਮ ਦੇ 50 ਵਾਰਡਾਂ ਲਈ 173 ਉਮੀਦਵਾਰ, ਲੁਧਿਆਣਾ ਨਿਗਮ ਦੇ 95 ਵਾਰਡਾਂ ਲਈ 447 ਉਮੀਦਵਾਰ ਅਤੇ ਪਟਿਆਲਾ ਨਿਗਮ ਦੇ 60 ਵਾਰਡਾਂ ਲਈ 147 ਉਮੀਦਵਾਰ ਮੈਦਾਨ ’ਚ ਹਨ।