ਮੁੱਖ ਮੰਤਰੀ ਚੰਨੀ ਦੇ 'Hometown' ਖਰੜ 'ਚ ਧਰਨਿਆਂ ਕਾਰਨ ਟ੍ਰੈਫਿਕ ਜਾਮ, ਲੋਕ ਹੋ ਰਹੇ ਖੱਜਲ
ਕੱਚੇ ਅਧਿਆਪਕਾਂ ਅਤੇ ਆਂਗਨਵਾੜੀ ਮੁਲਾਜ਼ਮਾਂ ਵੱਲੋਂ ਖਰੜ ਹਾਈਵੇਅ ਜਾਮ ਕਰ ਦਿੱਤਾ ਗਿਆ।ਪਿੱਛਲੇ 190 ਦਿਨਾਂ ਤੋਂ ਸਿੱਖਿਆ ਬੋਰਡ ਦੇ ਬਾਹਰ ਧਰਨਾ ਦੇ ਰਹੇ ਕੱਚੇ ਅਧਿਆਪਕਾਂ ਨੇ ਖਰੜ ਬੱਸ ਸਟੈਂਡ ਦੇ ਬਾਹਰ ਜਾਮ ਕੀਤਾ
ਚੰਡੀਗੜ੍ਹ: ਪੰਜਾਬ 'ਚ ਧਰਨਿਆਂ ਦਾ ਦੌਰ ਜਾਰੀ ਹੈ।ਕੱਚੇ ਅਧਿਆਪਕਾਂ ਅਤੇ ਆਂਗਨਵਾੜੀ ਮੁਲਾਜ਼ਮਾਂ ਵੱਲੋਂ ਖਰੜ ਹਾਈਵੇਅ ਜਾਮ ਕਰ ਦਿੱਤਾ ਗਿਆ।ਪਿੱਛਲੇ 190 ਦਿਨਾਂ ਤੋਂ ਸਿੱਖਿਆ ਬੋਰਡ ਦੇ ਬਾਹਰ ਧਰਨਾ ਦੇ ਰਹੇ ਕੱਚੇ ਅਧਿਆਪਕਾਂ ਨੇ ਖਰੜ ਬੱਸ ਸਟੈਂਡ ਦੇ ਬਾਹਰ ਜਾਮ ਲਾ ਦਿੱਤਾ।ਅਧਿਆਪਕ ਪੱਕੇ ਹੋਣ ਦੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ।
ਅਧਿਆਪਕਾਂ ਨੇ ਕਿਹਾ ਕਿ ਪਿਛਲੇ 15-20 ਸਾਲਾਂ ਤੋਂ ਉਹ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ।ਅਧਿਆਪਕਾਂ ਨੇ ਮੋਹਾਲੀ ਖਰੜ ਬਾਈਪਾਸ ਦੇ ਹੇਠਾਂ ਬੱਸ ਸਟੈਂਡ ਸਾਹਮਣੇ ਸੜਕ ਜਾਮ ਕਰ ਦਿੱਤੀ।ਜਿਸ ਕਾਰਨ ਟ੍ਰੈਫਿਕ ਜਾਮ ਲੱਗ ਗਿਆ।ਅਧਿਆਪਕਾਂ ਨੇ ਕਿਹਾ ਕਿ ਉਹ ਰਾਤ ਨੂੰ ਵੀ ਧਰਨਾ ਜਾਰੀ ਰੱਖਣਗੇ।
ਉਧਰ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਮੁਲਾਜ਼ਮਾਂ ਨੇ ਫਲਾਈਓਵਰ ਦੇ ਉਪਰ ਸੜਕ ਜਾਮ ਕਰ ਦਿੱਤੀ।ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ 'ਚ ਬਾਕੀ ਰਾਜਾਂ ਦੇ ਮੁਕਾਬਲੇ ਆਂਗਨਵਾੜੀ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖਾਹ ਮਿਲ ਰਹੀ ਹੈ।
ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਕੌਮ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਬਾਕੀ ਰਾਜਾਂ ਵਾਂਗ ਘੱਟੋ-ਘੱਟ ਹਰਿਆਣਾ ਦੀ ਤਰਜ 'ਤੇ ਤਨਖਾਹ ਮਿਲੇ। ਉਨ੍ਹਾਂ ਕਿਹਾ ਕਿ ਉਹ ਰਾਤ ਨੂੰ ਵੀ ਸੜਕ 'ਤੇ ਆਪਣਾ ਧਰਨਾ ਜਾਰੀ ਰੱਖਣਗੇ।
ਇਨ੍ਹਾਂ ਦੋਵਾਂ ਧਰਨਿਆਂ ਕਾਰਨ ਖਰੜ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਅਤੇ ਪੁਲਿਸ ਟ੍ਰੈਫਿਕ ਨੂੰ ਹੋਰ ਰੂਟਾਂ 'ਤੇ ਡਾਈਵਰਟ ਕਰ ਰਹੀ ਹੈ।