Accident: ਦੁਬਈ ਤੋਂ ਵਾਪਿਸ ਆਇਆ...ਪਰ ਘਰ ਨਾ ਪਹੁੰਚ ਪਾਇਆ, ਰਾਹ 'ਚ ਹੀ ਤੋੜਿਆ ਦਮ, ਏਅਰਪੋਰਟ ਤੋਂ ਘਰ ਜਾਂਦੇ ਸਮੇਂ ਦਰਦਨਾਕ ਹਾਦਸਾ, ਪਰਿਵਾਰ 'ਤੇ ਦੁੱਖਾਂ ਦਾ ਪਹਾੜ!
ਦੁਬਈ ਤੋਂ ਵਾਪਸ ਆ ਕੇ ਘਰ ਸ਼ਾਹਕੋਟ ਜਾ ਰਹੇ ਨੌਜਵਾਨ ਦੀ ਲੋਹੀਆਂ-ਮਲਸੀਆਂ ਰੋਡ ’ਤੇ ਰਸਤੇ ਵਿੱਚ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਰਕੇ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੇ ਦੋ ਹੋਰ ਦੋਸਤ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ...

ਦੁਬਈ ਤੋਂ ਵਾਪਸ ਆ ਕੇ ਘਰ ਸ਼ਾਹਕੋਟ ਜਾ ਰਹੇ ਨੌਜਵਾਨ ਦੀ ਲੋਹੀਆਂ-ਮਲਸੀਆਂ ਰੋਡ ’ਤੇ ਰਸਤੇ ਵਿੱਚ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ, ਜਦਕਿ ਉਸਦਾ ਇੱਕ ਦੋਸਤ ਗੰਭੀਰ ਜ਼ਖ਼ਮੀ ਹੋ ਕੇ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ ਹੈ ਅਤੇ ਦੂਜਾ ਦੋਸਤ ਵੀ ਜ਼ਖ਼ਮੀ ਦੱਸਿਆ ਜਾ ਰਿਹਾ ਹੈ।
ਤੇਜ਼ ਰਫ਼ਤਾਰ ਬਣੀ ਵੱਡੇ ਹਾਦਸੇ ਦੀ ਵਜ੍ਹਾ
ਮਿਲੀ ਜਾਣਕਾਰੀ ਮੁਤਾਬਕ ਦੀਪਕ ਸ਼ਰਮਾ ਪੁੱਤਰ ਜਗਜੀਤ ਰਾਏ, ਨਿਵਾਸੀ ਕੋਟਲਾ ਸੂਰਜ ਮੱਲ (ਸ਼ਾਹਕੋਟ), ਅੱਜ ਦੁਬਈ ਤੋਂ ਵਾਪਸੀ ਮਗਰੋਂ ਕਾਰ ਰਾਹੀਂ ਘਰ ਆ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਹੀ ਉਸਦੀ ਕਾਰ ਪਿੰਡ ਨਿਹਾਲੂਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਸਾਹਮਣੇ ਤੋਂ ਆ ਰਹੀ ਇੱਕ ਸਵਿਫ਼ਟ ਕਾਰ ਨਾਲ ਟਕਰਾਈ। ਟਕਰਾਉਣ ਤੋਂ ਬਾਅਦ ਕਾਰ ਇੱਕ ਟਰੱਕ ਨਾਲ ਜਾ ਟਕਰਾਈ ਅਤੇ ਫਿਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਲੱਗੀ।
ਹਾਦਸਾ ਇੰਨਾ ਭਿਆਨਕ ਸੀ ਕਿ ਦੀਪਕ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਦੋਸਤ ਵੰਸ਼ ਅਰੋੜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਜਲੰਧਰ ਭੇਜਿਆ ਗਿਆ ਹੈ।
ਦੋਸਤਾਂ ਦੇ ਨਾਲ ਏਅਰਪੋਰਟ ਤੋਂ ਆ ਰਿਹਾ ਸੀ ਵਾਪਿਸ
ਮ੍ਰਿਤਕ ਦੀਪਕ ਸ਼ਰਮਾ ਦੇ ਜੀਜਾ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਣ ਤੋਂ ਬਾਅਦ ਦੀਪਕ ਨੇ ਕਿਹਾ ਸੀ ਕਿ ਉਹ ਖੁਦ ਹੀ ਬੱਸ ਰਾਹੀਂ ਪਿੰਡ ਪਹੁੰਚ ਜਾਵੇਗਾ। ਇਸ ਤੋਂ ਬਾਅਦ ਦੀਪਕ ਸ਼ਰਮਾ ਨੇ ਸ਼ਾਹਕੋਟ ਵਿੱਚ ਰਹਿੰਦੇ ਆਪਣੇ ਦੋਸਤ ਵੰਸ਼ ਅਰੋੜਾ ਅਤੇ ਸਾਹਿਲ ਅਰੋੜਾ ਨੂੰ ਭਾਰਤ ਆਉਣ ਬਾਰੇ ਜਾਣਕਾਰੀ ਦਿੱਤੀ। ਇਸ ’ਤੇ ਦੋਵੇਂ ਦੋਸਤ I-20 ਕਾਰ ਵਿੱਚ ਉਸਨੂੰ ਲੈਣ ਲਈ ਅੰਮ੍ਰਿਤਸਰ ਏਅਰਪੋਰਟ ਪਹੁੰਚ ਗਏ।
ਦੁਬਈ ਵਿੱਚ ਡਰਾਈਵਰੀ ਕਰਨ ਵਾਲਾ ਦੀਪਕ ਖੁਦ ਹੀ ਕਾਰ ਚਲਾਉਣ ਲੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਬਹੁਤ ਤੇਜ਼ ਰਫ਼ਤਾਰ ਵਿੱਚ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਟਰੱਕ ਨਾਲ ਜਾ ਟਕਰਾਈ ਅਤੇ ਫਿਰ ਦਰੱਖ਼ਤ ਨਾਲ ਜਾ ਲੱਗੀ। ਨੇੜੇ ਮੌਜੂਦ ਲੋਕਾਂ ਨੇ ਕਾਰ ਵਿੱਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਦੀਪਕ ਸ਼ਰਮਾ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਦੋ ਦੋਸਤ ਵੀ ਹੋਏ ਜ਼ਖਮੀ
ਹਾਦਸੇ ਵਿੱਚ ਉਸਦਾ ਦੋਸਤ ਵੰਸ਼ ਅਰੋੜਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਦਕਿ ਦੂਜੇ ਦੋਸਤ ਸਾਹਿਲ ਅਰੋੜਾ ਨੂੰ ਸਿਰਫ਼ ਹਲਕੀਆਂ ਸੱਟਾਂ ਆਈਆਂ ਹਨ। ਦੀਪਕ ਦੀ ਲਾਸ਼ ਨਕੋਦਰ ਮੋਰਚਰੀ ਵਿੱਚ ਰੱਖਵਾਈ ਗਈ ਹੈ। ਥਾਣਾ ਲੋਹੀਆਂ ਦੇ ਏ.ਐੱਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀਪਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।






















