ਵਿੱਕੀ ਮਿੱਡੂਖੇੜਾ ਕਤਲ ਕੇਸ 'ਚ ਦੋ ਮੁਲਜ਼ਮਾਂ ਦਾ ਪਛਾਣ
ਬੀਤੇ ਸ਼ਨੀਵਾਰ ਯੂਥ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਿੱਡੂਖੇੜਾ, ਉਰਫ ਵਿੱਕੀ ਮਿੱਡੂਖੇੜਾ, 33 ਸਾਲਾ, ਦੀ ਮੁਹਾਲੀ ਦੇ ਸੈਕਟਰ 71 ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਬੀਤੇ ਸ਼ਨੀਵਾਰ ਯੂਥ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਿੱਡੂਖੇੜਾ, ਉਰਫ ਵਿੱਕੀ ਮਿੱਡੂਖੇੜਾ, 33 ਸਾਲਾ, ਦੀ ਮੁਹਾਲੀ ਦੇ ਸੈਕਟਰ 71 ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਦੇ ਦੋ ਦਿਨਾਂ ਬਾਅਦ, ਪੁਲਿਸ ਨੇ ਸੋਮਵਾਰ ਨੂੰ ਚਾਰ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ।
ਸੀਸੀਟੀਵੀ ਫੁਟੇਜ ਤੇ ਚਸ਼ਮਦੀਦ ਗਵਾਹਾਂ ਦੇ ਅਨੁਸਾਰ, ਚਾਰੇ ਹਮਲਾਵਰ ਚਿੱਟੇ ਰੰਗ ਦੀ ਹੁੰਡਈ ਆਈ 20 ਕਾਰ ਵਿੱਚ ਆਏ ਸਨ ਤੇ ਵਿੱਕੀ ਦੀ ਉਡੀਕ ਕਰ ਰਹੇ ਸਨ, ਜੋ ਸ਼ਨੀਵਾਰ ਸਵੇਰੇ ਇੱਕ ਪ੍ਰਾਪਰਟੀ ਡੀਲਰ ਨੂੰ ਮਿਲਣ ਗਿਆ ਸੀ। ਜਦੋਂ ਹਮਲਾਵਰਾਂ ਵਿੱਚੋਂ ਦੋ ਕਾਰ ਵਿੱਚ ਬੈਠੇ ਰਹੇ, ਬਾਕੀ ਦੋ ਨੇ ਵਿੱਕੀ ਦਾ ਪਿੱਛਾ ਕੀਤਾ ਤੇ ਉਸ 'ਤੇ ਵਾਰ-ਵਾਰ ਗੋਲੀਆਂ ਚਲਾਈਆਂ।
ਸਵੇਰੇ 10:30 ਵਜੇ ਦੇ ਕਰੀਬ ਵਿੱਕੀ ਜਿਦਾਂ ਹੀ ਆਪਣੀ ਐਸਯੂਵੀ ਵਿੱਚ ਬੈਠਣ ਲੱਗਾ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਤੋਂ ਬਾਅਦ ਹਮਲਾਵਰ ਸੈਕਟਰ 76 ਰਾਹੀਂ ਖਰੜ ਵੱਲ ਭੱਜ ਗਏ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਗੋਲੀ ਚਲਾਉਣ ਵਾਲਿਆਂ ਵਿੱਚੋਂ ਇੱਕ ਤੇ ਕਾਰ ਵਿੱਚ ਬੈਠੇ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਕਿਹਾ, “ਅਸੀਂ ਜਲਦੀ ਹੀ ਨਾਵਾਂ ਦਾ ਖੁਲਾਸਾ ਵੀ ਕਰਾਂਗੇ।
ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਕਤਲ ਉਹੀ ਬੰਦਿਆਂ ਨੇ ਕੀਤਾ ਸੀ ਜਿਨ੍ਹਾਂ ਨੇ 20 ਜੂਨ ਨੂੰ ਜਲੰਧਰ ਵਿੱਚ ਯੂਥ ਕਾਂਗਰਸੀ ਆਗੂ ਸੁਖਮੀਤ ਸਿੰਘ ਡਿਪਟੀ ਦੀ ਹੱਤਿਆ ਕੀਤੀ ਸੀ, ਕਿਉਂਕਿ ਦੋਵਾਂ ਅਪਰਾਧਾਂ ਦੀ ਸ਼ੈਲੀ ਅਤੇ ਤਰਤੀਬ ਇਕੋ ਜਿਹੀ ਸੀ। ਇਸ ਦੌਰਾਨ, ਸੀਨੀਅਰ ਪੁਲਿਸ ਕਪਤਾਨ (SSP) ਸਤਿੰਦਰ ਸਿੰਘ, ਜੋ ਜਾਂਚ ਦੀ ਅਗਵਾਈ ਕਰ ਰਹੇ ਹਨ, ਨੇ ਮੀਡੀਆ ਨੂੰ ਕਿਹਾ, “ਸਾਨੂੰ ਅਹਿਮ ਲੀਡ ਮਿਲੀ ਹੈ ਤੇ ਮਾਮਲੇ ਨੂੰ ਸੁਲਝਾਉਣ ਦੇ ਬਹੁਤ ਨੇੜੇ ਹਾਂ।”
ਪਿਛਲੇ ਦੋ ਦਿਨਾਂ ਵਿੱਚ ਪੁਲਿਸ ਨੇ ਲਗਪਗ 25 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ, ਜੋ ਮੁੱਖ ਸ਼ੱਕੀ ਗੈਂਗਸਟਰ ਗੌਰਵ ਪਟਿਆਲ ਉਰਫ ਲੱਕੀ ਨਾਲ ਜੁੜੇ ਹੋਏ ਹਨ। ਉਹ ਇਸ ਵੇਲੇ ਅਰਮੀਨੀਆ ਦੀ ਜੇਲ੍ਹ ਵਿੱਚ ਬੰਦ ਹੈ, ਜਿੱਥੋਂ ਉਹ ਦਵਿੰਦਰ ਬੰਬੀਹਾ ਗੈਂਗ ਦੇ ਆਪਰੇਸ਼ਨ ਚਲਾ ਰਿਹਾ ਹੈ। ਇਸ ਨੇ ਵਿੱਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਮਵਾਰ ਨੂੰ ਮੋਹਾਲੀ ਪੁਲਿਸ ਸੰਗਰੂਰ ਜੇਲ੍ਹ ਤੋਂ ਪੁੱਛਗਿੱਛ ਲਈ ਗੈਂਗਸਟਰ ਸੁਖਪ੍ਰੀਤ ਬੁੱਢਾ, ਜੋ ਲੱਕੀ ਦਾ ਕਰੀਬੀ ਸਹਿਯੋਗੀ ਹੈ, ਨੂੰ ਵੀ ਲੈ ਕੇ ਆਈ। ਉਹ ਜਨਵਰੀ 2020 ਤੋਂ ਉਥੇ ਬੰਦ ਹੈ।
ਸ਼ਨੀਵਾਰ ਨੂੰ ਕਤਲ ਤੋਂ ਕੁਝ ਘੰਟਿਆਂ ਬਾਅਦ, ਬੰਬੀਹਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿੱਕੀ ਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿਉਂਕਿ ਉਹ ਕਥਿਤ ਤੌਰ 'ਤੇ ਵਿਰੋਧੀ ਲਾਰੈਂਸ ਬਿਸ਼ਨੋਈ ਗੈਂਗ ਦੇ "ਮੁਖਬਰ" ਵਜੋਂ ਕੰਮ ਕਰ ਰਿਹਾ ਸੀ।
ਦੋਵੇਂ ਗੈਂਗ ਇਸ ਖੇਤਰ ਵਿੱਚ ਵਸੂਲੀ ਦਾ ਧੰਦਾ ਚਲਾ ਰਹੇ ਹਨ। ਵਿੱਕੀ ਦੇ ਕਤਲ ਤੋਂ ਇੱਕ ਦਿਨ ਪਹਿਲਾਂ, ਨੇੜਲੇ ਪੰਚਕੂਲਾ ਜ਼ਿਲ੍ਹੇ ਦੀ ਪੁਲਿਸ ਨੇ ਬੰਬੀਹਾ ਗਿਰੋਹ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ, ਜੋ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਸਨ।