ਦੋ ਬੱਚਿਆਂ ਸਮੇਤ ਮਾਂ ਦੀ ਸ਼ੱਕੀ ਹਾਲਤ 'ਚ ਮੌਤ

ਫਰੀਦਕੋਟ: ਇੱਥੋਂ ਦੇ ਫਿਰੋਜ਼ਪੁਰ ਰੋਡ 'ਤੇ ਸੁੰਦਰ ਨਗਰ ਵਿੱਚ ਦੋ ਬੱਚਿਆਂ ਸਮੇਤ ਮਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਹਾਸਲ ਜਾਣਕਾਰੀ ਅਨੁਸਾਰ ਧਰਮਿੰਦਰ ਨਾਂ ਦਾ ਵਿਅਕਤੀ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਲਾਈਨਮੈਨ ਵਜੋਂ ਕੰਮ ਕਰ ਰਹੇ ਧਰਮਿੰਦਰ ਮੁਤਾਬਕ ਸਵੇਰੇ ਉਹ ਕਰੀਬ 5 ਵਜੇ ਕੰਮ 'ਤੇ ਗਿਆ ਸੀ। ਜਦੋਂ ਘਰ ਵਾਪਸ ਆਇਆ ਤਾਂ ਕਿਸੇ ਨੇ ਵੀ ਗੇਟ ਨਾ ਖੋਲ੍ਹਿਆ।
ਜਦੋਂ ਉਹ ਅੰਦਰ ਗਿਆ ਤਾਂ ਪਤਨੀ ਪੂਜਾ ਤੇ ਬੱਚੇ ਬੈੱਡ ਤੇ ਪਏ ਸਨ। ਇਸ ਤੋਂ ਬਾਅਦ ਉਸ ਨੇ ਗੁਆਂਢੀਆਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਪਹੁੰਚੇ ਐਮਸੀ ਰਘੁਬੀਰ ਸਿੰਘ ਨੇ ਦੱਸਿਆ ਕਿ ਧਰਮਿੰਦਰ ਉਸ ਦਾ ਦੋਸਤ ਹੈ। ਉਸ ਦੇ ਪਰਿਵਾਰ ਨਾਲ ਜੋ ਹਾਦਸਾ ਹੋਇਆ, ਉਹ ਬੇਹੱਦ ਦੁਖਦਾਈ ਹੈ।
ਇਸ ਮਾਮਲੇ ਬਾਰੇ ਫਰੀਦਕੋਟ ਸਿਟੀ ਥਾਣੇ ਦੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੁੰਦਰ ਨਗਰ ਇਲਾਕੇ ਵਿੱਚ ਦੋ ਬੱਚਿਆਂ ਤੇ ਇੱਕ ਔਰਤ ਦੀ ਮੌਤ ਹੋਈ ਹੈ। ਮ੍ਰਿਤਕ ਦੇਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਭੇਜਿਆ ਗਿਆ ਹੈ।






















