ਮੀਂਹ ਨਾਲ ਛੱਤ ਡਿੱਗੀ, ਪਰਿਵਾਰ ਦੇ ਦੋ ਜੀਆਂ ਦੀ ਮੌਤ

ਨਵਾਂਸ਼ਹਿਰ: ਕੱਲ੍ਹ ਤੋਂ ਸ਼ੁਰੂ ਹੋਈ ਤੇਜ਼ ਬਾਰਸ਼ ਦੇ ਚੱਲਦਿਆਂ ਨਵਾਂਸ਼ਹਿਰ ਦੇ ਪਿੰਡ ਚੂਹੜਪੁਰ 'ਚ ਪੋਲਟਰੀ ਫਾਰਮ ਦੇ ਕਮਰੇ ਦੀ ਛੱਤ ਡਿੱਗਣ ਨਾਲ ਕਮਰੇ 'ਚ ਰਹਿ ਰਿਹਾ ਪੂਰਾ ਪਰਿਵਾਰ ਮਲਬੇ ਹੇਠ ਆ ਗਿਆ। ਇਸ ਘਟਨਾ 'ਚ ਪਿਤਾ ਤੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਬੇਟਾ ਤੇ ਮਾਂ ਗੰਭੀਰ ਜ਼ਖਮੀ ਹੋ ਗਏ।
ਹਾਦਸਾ ਉਸ ਵਕਤ ਵਾਪਰਿਆ ਜਦੋਂ ਪੋਲਟਰੀ ਫਾਰਮ 'ਤੇ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਸਮੇਤ ਕਮਰੇ 'ਚ ਸੌਂ ਰਿਹਾ ਸੀ। ਭਾਰੀ ਬਾਰਸ਼ ਕਾਰਨ ਉਸ ਕਮਰੇ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ ਮਜ਼ਦੂਰ ਮੋਹਨ ਤੇ ਉਸ ਦੇ ਪੁੱਤਰ ਬ੍ਰਜੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਸ਼ੀਲਾ ਤੇ ਲੜਕਾ ਹੇਮਰਾਜ ਜਖ਼ਮੀ ਹੋ ਗਏ। ਜ਼ਖਮੀ ਮਹਿਲਾ ਤੇ ਉਸ ਦੇ ਪੁੱਤਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਖ਼ਮੀ ਹਾਲਤ ਵਿਚ ਹਸਪਤਾਲ ਵਿਖੇ ਜੇਰੇ ਇਲਾਜ ਸ਼ੀਲਾ ਨੇ ਦੱਸਿਆ ਕੇ ਸਵੇਰੇ ਜਦੋਂ ਉਸ ਦੇ ਬੇਟੇ ਦਾ ਦੋਸਤ ਘਰ ਮਿਲਣ ਆਇਆ ਤਾਂ ਉਸ ਨੇ ਕਮਰੇ ਦੀ ਛੱਤ ਡਿਗੀ ਦੇਖੀ ਤੇ ਘਟਨਾ ਦੀ ਪੂਰੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।






















