(Source: Poll of Polls)
Punjab News: ਹੜ੍ਹਾਂ ਦੇ ਪਾਣੀ 'ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਨੌਜਵਾਨਾਂ ਦੀ ਨਹੀਂ ਹੋ ਸਕੀ ਘਰ ਵਾਪਸੀ, ਸਰਹੱਦ ਤੋਂ ਖਾਲੀ ਹੱਥ ਮੁੜੇ ਪਰਿਵਾਰ ਵਾਲੇ
Punjab News:ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਨੇੜਿਓ ਸਤਲੁਜ ਦਰਿਆ ਵਿੱਚ ਰੁੜ੍ਹ ਕੇ ਪਾਕਿਸਤਾਨ ਪੁੱਜੇ ਦੋ ਨੌਜਵਾਨਾਂ ਦਾ ਸਾਹਮਣੇ ਆਇਆ ਸੀ।
Punjab News: ਮਾਨਸੂਨ ਦੇ ਕਰਕੇ ਪੰਜਾਬ ਦੇ ਵਿੱਚ ਭਾਰੀ ਮੀਂਹ ਪਿਆ, ਜਿਸ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਗਏ। ਦਰਿਆਵਾਂ ਦੇ ਪਾਣੀਆਂ ਦਾ ਪੱਧਰ ਵੱਧ ਗਿਆ। ਜਿਸ ਕਰਕੇ ਵੱਡੀ ਮਾਤਰਾ ਦੇ ਵਿੱਚ ਪਾਣੀ ਨੇ ਪਿੰਡਾਂ ਦੇ ਵਿੱਚ ਮਾਰ ਕੀਤੀ। ਅਜਿਹੇ ਵਿੱਚ ਸਰਹੱਦੀ ਖੇਤਰ ਦੇ ਨਾਲ ਲੱਗਦੇ ਪਿੰਡਾਂ ਦੇ ਕੁਝ ਨੌਜਵਾਨ ਪਾਣੀ ਦੇ ਵਿੱਚ ਰੁੜ੍ਹ ਕੇ ਲਹਿੰਦੇ ਪੰਜਾਬ ਪਾਕਿਸਤਾਨ ਪਹੁੰਚ ਗਏ ਸਨ। ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਨੇੜਿਓ ਸਤਲੁਜ ਦਰਿਆ ਵਿੱਚ ਰੁੜ੍ਹ ਕੇ ਪਾਕਿਸਤਾਨ ਪੁੱਜੇ ਦੋ ਨੌਜਵਾਨਾਂ ਦਾ ਸਾਹਮਣੇ ਆਇਆ ਸੀ। ਦਰਿਆ ਵਿੱਚ ਰੁੜ੍ਹ ਕੇ ਪਾਕਿਸਤਾਨ ਪੁੱਜੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸ਼ੇਰੇਵਾਲ ਹਾਲ ਵਾਸੀ ਪਰਜੀਆਂ ਬਿਹਾਰੀਪੁਰ ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖੈਹਿਰਾ ਮੁਸਤਰਕਾ ਥਾਣਾ ਮਹਿਤਪੁਰ ਦੀ ਅੱਜ ਘਰ ਵਾਪਸੀ ਨਹੀਂ ਹੋ ਸਕੀ।
ਪਰਿਵਾਰ ਪਿੰਡਾਂ ਦੀਆਂ ਪੰਚਾਇਤਾਂ ਨਾਲ ਪਹੁੰਚੇ ਬਾਰਡਰ ਉੱਤੇ
ਇਨ੍ਹਾਂ ਨੌਜਵਾਨਾਂ ਨੂੰ ਲੈਣ ਲਈ ਭਾਰਤੀ ਫੌਜ ਨਾਲ ਨਿਰਧਾਰਤ ਸਮੇਂ ਅਨੁਸਾਰ ਪਰਿਵਾਰਿਕ ਮੈਂਬਰ ਤੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਅੱਜ ਹੂਸੈਨੀ ਵਾਲਾ ਬਾਰਡਰ ’ਤੇ ਪੁੱਜ ਗਈਆਂ ਸਨ, ਜਿਨ੍ਹਾਂ ਵੱਲੋਂ ਬਾਰਡਰ ਉਪਰ ਲੰਬਾ ਸਮਾਂ ਨੌਜਵਾਨਾਂ ਦੀ ਉਡੀਕ ਕੀਤੀ ਗਈ ਪਰ ਪਾਕਿਸਤਾਨ ਰੇਂਜਰ ਨੌਜਵਾਨਾਂ ਨੂੰ ਲੈ ਕੇ ਨਹੀਂ ਆਏ।
ਪਾਕਿਸਤਾਨ ਵੱਲੋਂ ਨੌਜਵਾਨਾਂ ਨੂੰ 2 ਅਗਸਤ ਨੂੰ ਬੀ.ਐੱਸ.ਐੱਫ. ਹਵਾਲੇ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਸੀ
ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਤੇ ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ ਨੇ ਦੱਸਿਆ ਕਿ ਨੌਜਵਾਨਾਂ ਦੀ ਪਾਕਿਸਤਾਨ ਤੋਂ ਰਿਹਾਈ ਲਈ ਉਨ੍ਹਾਂ ਦੀ 3 ਦਿਨ ਪਹਿਲਾਂ ਬੀ.ਐੱਸ.ਐੱਫ. ਦੇ ਕਮਾਂਡਰ ਨਾਲ ਗੱਲ ਹੋਈ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਭਾਰਤੀ ਫ਼ੌਜ ਦੀ ਪਾਕਿਸਤਾਨ ਰੇਂਜਰਾਂ ਨਾਲ ਹੋਈ ਫਲੈਗ ਮੀਟਿੰਗ ਵਿਚ ਪਾਕਿਸਤਾਨ ਵੱਲੋਂ ਨੌਜਵਾਨਾਂ ਨੂੰ 2 ਅਗਸਤ ਨੂੰ ਬੀ.ਐੱਸ.ਐੱਫ. ਹਵਾਲੇ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ, ਜਿਨ੍ਹਾਂ ਨੂੰ ਹੂਸੈਨੀ ਵਾਲਾ ਬਾਰਡਰ ਰਾਹੀਂ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਦੇ ਕਮਾਂਡਰ ਵੱਲੋਂ ਦਿੱਤੇ ਸਮੇਂ ਮੁਤਾਬਕ ਦੋਵੇਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਤੇ ਪਿੰਡਾਂ ਦੀਆਂ ਪੰਚਾਇਤਾਂ ਹੂਸੈਨੀ ਵਾਲਾ ਬਾਰਡਰ ਪੁੱਜ ਗਈਆਂ ਸਨ ਪਰ ਨੌਜਵਾਨ ਨਹੀਂ ਮਿਲੇ।
ਸਰਹੱਦ ਤੋਂ ਖਾਲੀ ਹੱਥ ਮੁੜੇ ਪਰਿਵਾਰ ਵਾਲੇ
ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਦੇ ਕਮਾਂਡਰ ਵੱਲੋਂ ਸਾਨੂੰ ਦੱਸਿਆ ਗਿਆ ਹੈ ਕਿ ਪਾਕਿ ਰੇਂਜਰਾਂ ਵੱਲੋਂ ਪੁੱਛਗਿੱਛ ਤੇ ਤਫਸ਼ੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਦਰਿਆ ਪਾਰ ਕਰਨ ਸਮੇਂ ਅਚਾਨਕ ਦਰਿਆ ਵਿਚ ਰੁੜ੍ਹ ਕੇ ਪਾਕਿਸਤਾਨ ਪੁੱਜੇ ਹਨ, ਪਰ ਭਾਰਤ ਹਵਾਲੇ ਕਰਨ ਲਈ ਕੁਝ ਜਰੂਰੀ ਕਾਰਵਾਈ ਬਾਕੀ ਹੈ ਜਿਸ ਕਾਰਨ ਕੁਝ ਦਿਨਾਂ ਦਾ ਹੋਰ ਸਮਾਂ ਲੱਗ ਸਕਦਾ ਹੈ। ਇਸ ਬਾਰੇ ਪਰਿਵਾਰਾਂ ਤੇ ਪੰਚਾਇਤਾਂ ਨੂੰ ਜਲਦੀ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ BSF ਦੇ ਕਮਾਂਡਰ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਨੌਜਵਾਨਾਂ ਦੀ ਘਰ ਵਾਪਸੀ ਹੋਵੇਗੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਦੁਖੀ ਮਨ ਨਾਲ ਆਪਣੇ ਪੁੱਤਰਾਂ ਤੋਂ ਬਿਨ੍ਹਾਂ ਹੀ ਵਾਪਸ ਘਰ ਆ ਗਏ ਹਨ।