Punjab News: 'ਨੌਸਿਖੀਏ ਡਰਾਈਵਰ' ਨੇ ਬ੍ਰੇਕ ਦਾ ਥਾਂ ਦੱਬੀ ਰੇਸ, ਬੇਕਾਬੂ ਕਾਰ ਨਹਿਰ ਵਿੱਚ ਡਿੱਗੀ, 2 ਬਚੇ, 3 ਦੀ ਮੌਤ
ਕਾਰ ਨਹਿਰ 'ਚ ਡਿੱਗਣ ਤੋਂ ਬਾਅਦ 2 ਲੋਕ ਸੁਰੱਖਿਅਤ ਬਾਹਰ ਨਿਕਲ ਆਏ ਪਰ 3 ਲੋਕ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ, ਜਿਨ੍ਹਾਂ 'ਚੋਂ ਇੱਕ ਦੀ ਲਾਸ਼ ਰਾਤ ਨੂੰ ਹੀ ਮਿਲ ਗਈ। ਬਾਕੀ 2 ਲਾਸ਼ਾਂ ਸੋਮਵਾਰ ਸਵੇਰੇ ਮਿਲੀਆਂ
Punjab News: ਪਠਾਨਕੋਟ ਜ਼ਿਲ੍ਹੇ ਨਾਲ ਲੱਗਦੇ ਮਾਧੋਪੁਰ ਵਿਖੇ ਐਤਵਾਰ ਰਾਤ ਨੂੰ ਇੱਕ XUV ਕਾਰ UBDC ਨਹਿਰ ਵਿੱਚ ਡਿੱਗ ਗਈ। ਕਾਰ 'ਚ 5 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਪਠਾਨਕੋਟ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਨਹਿਰ 'ਚ ਡਿੱਗਣ ਤੋਂ ਬਾਅਦ 2 ਲੋਕ ਸੁਰੱਖਿਅਤ ਬਾਹਰ ਨਿਕਲ ਆਏ ਪਰ 3 ਲੋਕ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ, ਜਿਨ੍ਹਾਂ 'ਚੋਂ ਇੱਕ ਦੀ ਲਾਸ਼ ਰਾਤ ਨੂੰ ਹੀ ਮਿਲ ਗਈ। ਬਾਕੀ 2 ਲਾਸ਼ਾਂ ਸੋਮਵਾਰ ਸਵੇਰੇ ਮਿਲੀਆਂ। ਐਨਡੀਆਰਐਫ ਅਤੇ ਪੁਲੀਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਲਾਸ਼ਾਂ ਨੂੰ ਨਹਿਰ ਵਿੱਚੋਂ ਬਰਾਮਦ ਕੀਤਾ।
ਮ੍ਰਿਤਕਾਂ ਦੀ ਹੋਈ ਪਛਾਣ
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਪਠਾਨਕੋਟ ਦੇ ਕਰਮਚਾਰੀ ਹਨ, ਜੋ ਐਤਵਾਰ ਨੂੰ ਛੁੱਟੀ ਮਨਾਉਣ ਗਏ ਹੋਏ ਸਨ। ਜਿੰਨ੍ਹਾਂ ਨੂੰ ਬਚਾਇਆ ਗਿਆ ਹੈ ਉਨ੍ਹਾਂ ਦਾ ਨਾਮ ਪ੍ਰਿੰਸ ਰਾਜ ਪੁੱਤਰ ਹਰੀਕ੍ਰਿਸ਼ਨ ਵਾਸੀ ਬਿਹਾਰ ਅਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਹਨ। ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ (ਮਾਧੋਪੁਰ), ਵਿਸ਼ਾਲ ਅਤੇ ਅਜੈ ਬਾਬੂਲ ਵਜੋਂ ਹੋਈ ਹੈ।
ਡਰਾਈਵਰ ਦੀ ਗ਼ਲਤੀ ਨਾਲ ਹੋਇਆ ਹਾਦਸਾ
ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਧਾਰਕਾ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਕਾਰ 'ਚੋਂ ਛਾਲ ਮਾਰਨ ਵਾਲੇ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਲਾ ਰਿਹਾ ਵਿਅਕਤੀ ਘੱਟ ਤਜ਼ੁਰਬੇਕਾਰ ਸੀ। ਜਦੋਂ ਉਹ ਨਹਿਰ ਦੇ ਨਾਲ ਮਿਰਜ਼ਾਪੁਰ ਤੋਂ ਵਾਪਸ ਆ ਰਿਹਾ ਸੀ ਤਾਂ ਡਰਾਈਵਰ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਦੱਬ ਦਿੱਤਾ, ਜਿਸ ਕਾਰਨ ਗੱਡੀ ਨਹਿਰ ਵਿੱਚ ਜਾ ਡਿੱਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।