ਬੇਰੁਜ਼ਗਾਰਾਂ ਨੇ ਕੈਪਟਨ ਸਰਕਾਰ ਖਿਲਾਫ ਵਿੱਢੀ ਨਵੀਂ ਮੁਹਿੰਮ, ‘ਦਿਉ ਜਵਾਬ ਕੈਪਟਨ ਸਾਬ’
ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਵਿਰੁੱਧ ਬੇਰੁਜ਼ਗਾਰਾਂ ਨੇ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਬਾਈਕਾਟ ਦੇ ਪੋਸਟਰ ਘਰਾਂ ਅੱਗੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਬਰਨਾਲਾ: ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਵਿਰੁੱਧ ਬੇਰੁਜ਼ਗਾਰਾਂ ਨੇ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਬਾਈਕਾਟ ਦੇ ਪੋਸਟਰ ਘਰਾਂ ਅੱਗੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
‘ਦਿਉ ਜਵਾਬ ਕੈਪਟਨ ਸਾਬ’ ਦੇ ਲੋਗੋ ਵਾਲੇ ਪੋਸਟਰ ਤਹਿਤ ਕੈਪਟਨ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਹਨ। ਪੋਸਟਰ ਲਾ ਰਹੇ ਬੇਰੁਜ਼ਗਾਰਾਂ ਨੇ ਕਿਹਾ ਕਿ ਕੈਪਟਨ ਸਰਕਾਰ ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ ਨੂੰ ਇਸ ਵਾਅਦੇ ਤਹਿਤ ਸੁਆਲ ਕੀਤੇ ਜਾਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਪੋਸਟਰ ਲਾ ਰਹੇ ਬੇਰੁਜ਼ਗਾਰਾਂ ਨੇ ਦੱਸਿਆ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਝੰਡੇ ਹੇਠ ਪੰਜਾਬ ਭਰ ਦੇ ਸਿਹਤ ਤੇ ਸਿੱਖਿਆ ਸਬੰਧੀ ਉੱਚ ਪੱਧਰੀ ਪੜ੍ਹਾਈਆਂ ਕਰ ਚੁੱਕੇ ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰ ਪ੍ਰਾਪਤ ਲਈ ਸੰਘਰਸ਼ ਲੜਿਆ ਜਾ ਰਿਹਾ ਹੈ ਕਿਉਂਕਿ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਕੈਪਟਨ ਸਰਕਾਰ ਸੱਤਾ ਵਿੱਚ ਆਈ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਕਿਸੇ ਨੌਜਵਾਨ ਨੂੰ ਕੈਪਟਨ ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ। ਇਸ ਕਰਕੇ ਉਹਨਾਂ ਵਲੋਂ ਲਗਾਤਾਰ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਲੜਿਆ ਜਾ ਰਿਹਾ ਹੈ।
ਪਿਛਲੇ ਦਿਨੀਂ ਉਨ੍ਹਾਂ ਵੱਲੋਂ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਕੈਪਟਨ ਸਰਕਾਰ ਦੇ ਇਸ਼ਾਰਿਆਂ ’ਤੇ ਪੰਜਾਬ ਪੁਲਿਸ ਵੱਲੋਂ ਬੇਰੁਜ਼ਗਾਰ ਲੜਕੇ ਲੜਕੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੇ ਰੋਸ ਵਜੋਂ ਹੁਣ ਉਹਨਾ ਵੱਲੋਂ ਇੱਕ ਪੋਸਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਪਿੰਡਾਂ ਵਿੱਚ ਕਾਂਗਰਸ ਸਰਕਾਰ ਦੇ ਮੁਕੰਮਲ ਬਾਈਕਾਟ ਦੇ ਪੋਸਟਰ ਹਰ ਘਰ ਅੱਗੇ ਲਗਾਏ ਜਾ ਰਹੇ ਹਨ ਤੇ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਵੋਟ ਨਾ ਦੇਣ ਦਾ ਤੇ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪੰਜਾਬ ਵਿੱਚ ਨੌਕਰੀਆਂ ਸਿਰਫ਼ ਕਾਗਜ਼ੀ ਅੰਕੜਿਆ ਵਿੱਚ ਹੀ ਦਿੱਤੀਆਂ ਗਈਆਂ ਹਨ। ਜਦਕਿ ਅਸਲ ਵਿੱਚ ਨੌਕਰੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਦਿੱਤੀ ਗਈ ਹੈ। ਇਸ ਕਰਕੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਅੱਜ ਕੈਪਟਨ ਸਰਕਾਰ ਤੋਂ ਚੋਣ ਵਾਅਦੇ ਅਨੁਸਾਰ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੋਸਟਰ ਮੁਹਿੰਮ ਬਰਨਾਲਾ, ਮਾਨਸਾ, ਸੰਗਰੂਰ ਜ਼ਿਲ੍ਹਿਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :