ਵਿਜੀਲੈਂਸ ਨੇ ਕਰੋੜਾਂ ਰੁਪਏ ਦਾ ਮੁਆਵਜਾ ਲੈਣ ਵਾਲੇ ਸੱਤ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਜਮੀਨ ਐਕਵਾਇਰ ਕਰਨ ਦੌਰਾਨ ਕਰੋੜਾਂ ਰੁਪਏ ਦਾ ਮੁਆਵਜਾ ਲੈਣ ਵਾਲੇ ਮਾਲ ਕਰਮਚਾਰੀ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਰੋੜਾਂ ਰੁਪਏ ਦੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।
Chandigarh news: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਿੱਚ ਸਾਲ 2016 ਤੋਂ 2020 ਦਰਮਿਆਨ ਸੂਬੇ ਦੇ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ ‘ਤੇ ਜਮੀਨ ਐਕਵਾਇਰ ਕਰਨ ਦੌਰਾਨ ਕਰੋੜਾਂ ਰੁਪਏ ਦਾ ਮੁਆਵਜਾ ਲੈਣ ਵਾਲੇ ਮਾਲ ਕਰਮਚਾਰੀ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਰੋੜਾਂ ਰੁਪਏ ਦੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਐਫ.ਆਈ.ਆਰ. ਨੰ. 16 ਮਿਤੀ 02/05/23 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 466, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਤਹਿਤ ਪੁਲਿਸ ਥਾਣਾ, ਉਡਣ ਦਸਤਾ-1, ਪੰਜਾਬ ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਕੇਸ ਵਿੱਚ ਮੁੱਖ ਦੋਸ਼ੀ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਜ਼ਿਲਾ ਮੁਹਾਲੀ ਸਮੇਤ ਮੁਕੇਸ਼ ਜਿੰਦਲ, ਸ਼ਮਨ ਜਿੰਦਲ ਪਤਨੀ ਮੁਕੇਸ਼ ਜਿੰਦਲ, ਪ੍ਰਵੀਨ ਲਤਾ ਪਤਨੀ ਚੰਚਲ ਕੁਮਾਰ ਜਿੰਦਲ, ਦੋਵੇਂ ਵਾਸੀ ਮਾਡਲ ਟਾਊਨ ਬਠਿੰਡਾ, ਵਿਸ਼ਾਲ ਭੰਡਾਰੀ ਵਾਸੀ ਸੈਕਟਰ 40-ਡੀ, ਚੰਡੀਗੜ, ਸੁਖਦੇਵ ਸਿੰਘ ਵਾਸੀ ਬਾਕਰਪੁਰ, ਬਿੰਦਰ ਸਿੰਘ ਵਾਸੀ ਸੈਕਟਰ 79, ਮੁਹਾਲੀ ਅਤੇ ਬਚਿੱਤਰ ਸਿੰਘ ਪਟਵਾਰੀ, ਮਾਲ ਹਲਕਾ ਬਾਕਰਪੁਰ (ਮੌਜੂਦਾ ਕਾਨੂੰਗੋ) ਐਸ.ਏ.ਐਸ.ਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Video: ਬੱਚਿਆਂ ਵਿਚਕਾਰ ਪਹੁੰਚੇ ਪੀਐਮ ਮੋਦੀ ਤਾਂ ਕਿਸੇ ਨੇ ਕਿਹਾ ਡਾਕਟਰ ਬਣਾਂਗੇ ਤਾਂ ਕਿਸੇ ਨੇ ਪੁਲਿਸ, ਤਾਂ ਪੀਐਮ ਨੇ ਪੁੱਛਿਆ ਇਹ ਸਵਾਲ
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਕਰਮਚਾਰੀ ਜਸਪ੍ਰੀਤ ਸਿੰਘ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ, ਵਿਸ਼ਾਲ ਭੰਡਾਰੀ ਆਦਿ ਨੂੰ ਵੀ ਜਲਦ ਗਿ੍ਰਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਕਈ ਹੋਰ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਪਾਇਆ ਹੈ ਕਿ ਸਾਲ 2016 ਵਿੱਚ ਗਮਾਡਾ ਨੇ ਐਸ.ਏ.ਐਸ. ਨਗਰ ਜਿਲੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਜਮੀਨ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਅਤੇ ਸਾਲ 2017 ਵਿੱਚ ਧਾਰਾ 4 ਅਤੇ 2020 ਵਿੱਚ ਧਾਰਾ 19 ਅਧੀਨ ਨੋਟੀਫਿਕੇਸ਼ਨ ਜਾਰੀ ਕੀਤੇ ਸਨ।
ਉਨਾਂ ਅੱਗੇ ਕਿਹਾ ਕਿ ਬਾਕਰਪੁਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਗਮਾਡਾ, ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਆਪਣੇ ਹੋਰ ਸਾਥੀਆਂ ਅਨਿਲ ਜਿੰਦਲ, ਮੁਕੇਸ਼ ਜਿੰਦਲ, ਵਿਕਾਸ ਭੰਡਾਰੀ ਆਦਿ ਨਾਲ ਮਿਲ ਕੇ ਵਾਹੀਯੋਗ ਜ਼ਮੀਨ ਦੇ ਪਟੇਨਾਮੇ/ਮੁਖ਼ਤਿਆਰਨਾਮਾ ਲੈ ਕੇ ਅਮਰੂਦਾਂ ਦੇ ਬਾਗ ਲਗਾ ਦਿੱਤੇ।
ਉਨਾਂ ਦੱਸਿਆ ਕਿ ਉਕਤ ਦੋਸ਼ੀਆਂ ਨੇ ਹਲਕਾ ਪਟਵਾਰੀ ਬਚਿੱਤਰ ਸਿੰਘ ਦੀ ਮਿਲੀਭੁਗਤ ਨਾਲ ਸਾਲ 2019 ‘ਚ ਜਾਅਲੀ ਗਿਰਦਾਵਰੀ ਰਜਿਸਟਰ ਤਿਆਰ ਕਰਵਾਇਆ, ਜਿਸ ‘ਚ ਉਸਨੇ 2016 ਤੋਂ ਆਪਣੀ ਜਮੀਨ ‘ਤੇ ਅਮਰੂਦ ਦੇ ਬਾਗਾਂ ਦੇ ਮਾਲਕ ਦੱਸ ਕੇ ਨਾਜਾਇਜ ਤੌਰ ‘ਤੇ ਕਰੋੜਾਂ ਰੁਪਏ ਦਾ ਮੁਆਵਜਾ ਹਾਸਲ ਕੀਤਾ।
ਉਨਾਂ ਅੱਗੇ ਦੱਸਿਆ ਕਿ ਡੂੰਘਾਈ ਨਾਲ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਇਸ ਕੇਸ ਦੇ ਮੁੱਖ ਦੋਸ਼ੀ ਭੁਪਿੰਦਰ ਸਿੰਘ ਨੇ ਖੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਇਸੇ ਅਮਰੂਦਾਂ ਦੇ ਬਾਗ ਲਈ ਲਗਭਗ 24 ਕਰੋੜ ਰੁਪਏ ਦਾ ਮੁਆਵਜਾ ਲਿਆ। ਇਸੇ ਤਰਾਂ ਹੀ ਬਠਿੰਡਾ ਦੇ ਵਸਨੀਕ ਮੁਕੇਸ਼ ਜਿੰਦਲ ਨੇ ਅਮਰੂਦਾਂ ਦੇ ਬਾਗ ਲਈ ਕਰੀਬ 20 ਕਰੋੜ ਰੁਪਏ ਦਾ ਮੁਆਵਜਾ ਲੈ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ।
ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀਆਂ ਨੇ ਵੀ ਆਪਣੀ ਜਮੀਨ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਸਰਕਾਰ ਤੋਂ ਕਰੋੜਾਂ ਰੁਪਏ ਦਾ ਮੁਆਵਜਾ ਲਿਆ ਹੈ। ਇਸ ਤਰ੍ਹਾਂ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਇਸ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: DGCA Notice To Go First: ਉਡਾਣਾਂ ਰੱਦ ਕਰਨ ਦੇ ਫੈਸਲੇ ‘ਤੇ DGCA ਨੇ Go First ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਭੜਕੇ ਹਵਾਈ ਯਾਤਰੀ