Bikram Majithia: ਪਤਨੀ ਗਿਨੀਵ ਦਾ ਦਾਅਵਾ...ਜੇਲ੍ਹ ਅੰਦਰ ਵੀ ਚੜ੍ਹਦੀ ਕਲਾ 'ਚ ਮਜੀਠੀਆ, ਅਗਲੇ ਦਿਨ ਹੀ ਵਿਜੀਲੈਂਸ ਦਾ ਵੱਡਾ ਐਕਸ਼ਨ
Raid in Bikram Majithia Residence: ਵਿਜੀਲੈਂਸ ਬਿਊਰੋ ਦੀ ਟੀਮ ਨੇ ਮੰਗਲਵਾਰ ਨੂੰ ਮਜੀਠਾ ਸਥਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਅਤੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦੁਬਾਰਾ ਛਾਪਾ ਮਾਰਿਆ।

Vigilance Raid on Bikram Majithia: ਵਿਜੀਲੈਂਸ ਬਿਊਰੋ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਹੋਰ ਸ਼ਿਕੰਜਾ ਕੱਸਿਆ ਹੈ। ਜੇਲ੍ਹ ਵਿੱਚ ਬੰਦ ਮਜੀਠੀਆ ਨਾਲ ਸੋਮਵਾਰ ਨੂੰ ਉਨ੍ਹਾਂ ਦੀ ਪਤੀ ਗਿਨੀਵ ਕੌਰ ਨੇ ਮੁਲਾਕਾਤ ਕਰਕੇ ਦਾਅਵਾ ਕੀਤਾ ਸੀ ਕਿ ਉਹ ਚੜ੍ਹਦੀ ਕਲਾ ਵਿੱਚ ਹਨ। ਗਿਨੀਵ ਕੌਰ ਨੇ ਕਿਹਾ ਸੀ ਕਿ ਮਜੀਠੀਆ ਕਿਸੇ ਵੀ ਕੀਮਤ ਉਪਰ ਸਰਕਾਰੀ ਜ਼ਬਰ ਸਾਹਮਣੇ ਨਹੀਂ ਝੁਕਣਗੇ। ਇਸ ਤੋਂ ਅਗਲੇ ਹੀ ਦਿਨ ਵਿਜੀਲੈਂਸ ਦੀ ਟੀਮ ਮੁੜ ਮਜੀਠੀਆ ਦੇ ਘਰ ਪਹੁੰਚ ਗਈ।
ਹਾਸਲ ਜਾਣਕਾਰੀ ਮੁਤਾਪਕ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੰਗਲਵਾਰ ਨੂੰ ਬਿਕਰਮ ਮਜੀਠੀਆ ਦੇ ਮਜੀਠਾ ਸਥਿਤ ਦਫ਼ਤਰ ਤੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਉਨ੍ਹਾਂ ਦੇ ਘਰ 'ਤੇ ਦੁਬਾਰਾ ਛਾਪਾ ਮਾਰਿਆ। ਸੂਤਰਾਂ ਅਨੁਸਾਰ ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਵਿਜੀਲੈਂਸ ਟੀਮ ਨੇ ਮਜੀਠੀਆ ਦੇ ਦਫ਼ਤਰ ਦੀ ਪੂਰੀ ਇਮਾਰਤ ਦੀ ਪੈਮਾਇਸ਼ ਕੀਤੀ ਤੇ ਚੱਪੇ-ਚੱਪੇ ਦੀ ਜਾਂਚ ਕੀਤੀ।
ਇਸ ਦੌਰਾਨ ਉੱਥੇ ਮੌਜੂਦ ਕਰਮਚਾਰੀਆਂ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਲਈ ਗਈ। ਦਫ਼ਤਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਵਿਜੀਲੈਂਸ ਨੇ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਕਿ ਛਾਪੇਮਾਰੀ ਦਾ ਅਸਲ ਕਾਰਨ ਕੀ ਹੈ। ਪੰਜਾਬ ਪੁਲਿਸ ਨੇ ਛਾਪੇਮਾਰੀ ਨੂੰ ਦੇਖਦੇ ਹੋਏ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਗ੍ਰੀਨ ਐਵੇਨਿਊ ਸਥਿਤ ਘਰ ਤੋਂ ਕਈ ਮੀਟਰ ਪਹਿਲਾਂ ਬੈਰੀਕੇਡਿੰਗ ਕਰਕੇ ਸੜਕ ਬੰਦ ਕਰ ਦਿੱਤੀ ਗਈ ਹੈ। ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ।
ਦੱਸ ਦਈਏ ਕਿ ਮਜੀਠੀਆ ਇਸ ਵੇਲੇ ਆਮਦਨ ਤੋਂ ਵੱਧ ਜਾਇਦਾਦ ਕੇਸ ’ਚ ਨਾਭਾ ਦੀ ਨਿਊ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਤਹਿਤ ਬੰਦ ਹਨ। ਮਜੀਠੀਆ ਨੇ ਜੇਲ੍ਹ ਵਿਚਲੀ ਬੈਰਕ ਬਦਲਣ ਸਬੰਧੀ ਪਟੀਸ਼ਨ ਪਾਈ ਹੈ ਜਿਸ ਦੀ 17 ਜੁਲਾਈ ਨੂੰ ਸੁਣਵਾਈ ਹੋਵੇਗੀ। ਮਜੀਠੀਆ ਦੀ ਜ਼ਮਾਨਤ ਲਈ ਉਨ੍ਹਾਂ ਦੇ ਵਕੀਲ ਐਚਐਸ ਧਨੋਆ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ 22 ਜੁਲਾਈ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਵੱਲੋਂ 11 ਜੁਲਾਈ ਨੂੰ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 14 ਜੁਲਾਈ ਨੂੰ ਜਵਾਬ ਦਾਅਵਾ ਪੇਸ਼ ਕਰਨ ਲਈ ਕਿਹਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਦਾਅਵਾ ਨਾ ਪੇਸ਼ ਕੀਤੇ ਜਾਣ ਕਾਰਨ ਕੇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ। ਵਿਜੀਲੈਂਸ ਵੱਲੋਂ ਮਜੀਠੀਆ ਦੀ ਜਾਇਦਾਦ ਦੀ ਜਾਂਚ ਕਰਨ ਲਈ ਅਦਾਲਤ ਵਿੱਚੋਂ ਸਰਚ ਵਾਰੰਟ ਹਾਸਲ ਕਰਨ ਲਈ ਦਾਇਰ ਕੀਤੀ ਪਟੀਸ਼ਨ ਉੱਤੇ ਵੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ।
ਮਜੀਠੀਆ ਦੇ ਵਕੀਲ ਐਚਐਸ ਧਨੋਆ ਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ ’ਚ ਉਨ੍ਹਾਂ ਨੂੰ ਨਾਭਾ ਦੀ ਨਿਊ ਜੇਲ੍ਹ ਵਿੱਚ ਓਰੇਂਜ ਕੈਟੇਗਰੀ ਅਨੁਸਾਰ ਬੈਰਕ ਮੁਹੱਈਆ ਕਰਾਉਣ ਦੀ ਮੰਗ ਕੀਤੀ ਗਈ ਹੈ। ਵਕੀਲਾਂ ਦੀ ਦਲੀਲ ਸੀ ਕਿ ਮਜੀਠੀਆ ਸਾਬਕਾ ਮੰਤਰੀ ਤੇ ਵਿਧਾਇਕ ਰਹੇ ਹਨ। ਉਨ੍ਹਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਬੈਰਕ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਸਜ਼ਾ ਯਾਫ਼ਤਾ ਜਾਂ ਹਵਾਲਾਤੀ ਕੈਦੀਆਂ ਤੋਂ ਵੱਖ ਰੱਖਿਆ ਜਾਵੇ। ਵਿਜੀਲੈਂਸ ਵੱਲੋਂ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਅਧੀਨ ਕੇਸ ਦਰਜ ਕਰ ਕੇ 25 ਜੂਨ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਕੇ ਮੁਹਾਲੀ ਲਿਆਂਦਾ ਗਿਆ ਸੀ। 26 ਜੂਨ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰ ਕੇ ਸੱਤ ਰੋਜ਼ਾ ਵਿਜੀਲੈਂਸ ਰਿਮਾਂਡ ਲਿਆ ਗਿਆ ਸੀ।
ਇਸੇ ਰਿਮਾਂਡ ਦੌਰਾਨ ਉਨ੍ਹਾਂ ਨੂੰ ਮਜੀਠਾ ਤੇ ਸ਼ਿਮਲਾ ਵਿੱਚ ਵੀ ਪੁੱਛ ਪੜਤਾਲ ਲਈ ਲਿਜਾਇਆ ਗਿਆ। ਮਜੀਠੀਆ ਨੂੰ 2 ਜੁਲਾਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਰੋਜ਼ਾ ਹੋਰ ਰਿਮਾਂਡ ਲਿਆ ਗਿਆ ਤੇ ਛੇ ਜੁਲਾਈ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਾਭਾ ਦੀ ਨਿਊ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਮਾਮਲੇ ਵਿੱਚ ਉਨ੍ਹਾਂ ਨੂੰ 19 ਜੁਲਾਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।






















