ਕਿਸਾਨ ਹੁਣ ਮੌਸਮ ਦੇ ਕਹਿਰ ਦਾ ਸ਼ਿਕਾਰ, ਬਾਰਸ਼ ਕਰਕੇ ਕਣਕ ਦੀ ਵਾਢੀ ਤੇ ਖਰੀਦ ਨੂੰ ਬ੍ਰੇਕ
ਇਸ ਵਾਰ ਪੰਜਾਬ ਵਿੱਚ ਕਣਕ ਦੀ ਖਰੀਦ 10 ਅਪੈਰਲ ਨੂੰ ਸ਼ੁਰੂ ਕੀਤੀ ਗਈ ਹੈ। ਇਸ ਲਈ ਕਣਕ ਦੀ ਵਾਢੀ ਵੀ ਪਹਿਲਾਂ ਨਾਲੋਂ ਹਫਤਾ ਲੇਟ ਸ਼ੁਰੂ ਹੋਈ ਹੈ। ਬੇਸ਼ੱਕ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਵਾਢੀ ਦਾ ਕੰਮ ਨਿੱਬੜ ਗਿਆ ਹੈ ਪਰ ਸੁਸਤ ਖਰੀਦ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ।
ਚੰਡੀਗੜ੍ਹ: ਕਿਸਾਨ ਹੁਣ ਮੌਸਮ ਦੇ ਕਹਿਰ ਦਾ ਸ਼ਿਕਾਰ ਹੋਏ ਹਨ। ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਪਏ ਮੀਂਹ ਕਾਰਨ ਵਾਢੀ ਤੇ ਮੰਡੀਆਂ ਵਿੱਚ ਫਸਲ ਦੀ ਵਿਕਰੀ ਦਾ ਕੰਮ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਬੁੱਧਵਾਰ ਵੀ ਉੱਤਰੀ ਭਾਰਤ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਲਈ ਕਿਸਾਨਾਂ ਦੇ ਸਾਹ ਸੂਤੇ ਗਏ ਹਨ।
ਦੱਸ ਦਈਏ ਕਿ ਇਸ ਵਾਰ ਪੰਜਾਬ ਵਿੱਚ ਕਣਕ ਦੀ ਖਰੀਦ 10 ਅਪੈਰਲ ਨੂੰ ਸ਼ੁਰੂ ਕੀਤੀ ਗਈ ਹੈ। ਇਸ ਲਈ ਕਣਕ ਦੀ ਵਾਢੀ ਵੀ ਪਹਿਲਾਂ ਨਾਲੋਂ ਹਫਤਾ ਲੇਟ ਸ਼ੁਰੂ ਹੋਈ ਹੈ। ਬੇਸ਼ੱਕ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਵਾਢੀ ਦਾ ਕੰਮ ਨਿੱਬੜ ਗਿਆ ਹੈ ਪਰ ਸੁਸਤ ਖਰੀਦ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ, ਜਿੱਥੇ 9 ਐਮਐਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਹਲਵਾਰਾ ਵਿੱਚ 2 ਐਮਐਮ, ਲੁਧਿਆਣਾ ’ਚ 0.6 ਤੇ ਪਟਿਆਲਾ ਵਿੱਚ 0.4 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਦਮਪੁਰ, ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਵਿੱਚ ਕਿਣ-ਮਿਣ ਹੋਈ ਹੈ। ਹਰਿਆਣਾ ਵਿੱਚ ਵੀ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਇੱਥੇ ਅੰਬਾਲਾ ਤੇ ਸਿਰਸਾ ਵਿੱਚ 0.2 ਐਮਐਮ ਮੀਂਹ ਪਿਆ ਤੇ ਕਰਨਾਲ, ਰੋਹਤਕ, ਜੀਂਦ, ਭਿਵਾਨੀ ਤੇ ਹਿਸਾਰ ਸਣੇ ਸੂਬੇ ਭਰ ਵਿੱਚ ਕਿਣ-ਮਿਣ ਹੋਈ ਹੈ।
ਹਾੜ੍ਹੀ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਮੰਡੀਆਂ ਵਿੱਚ ਬੈਠੇ ਹਨ ਪਰ ਫ਼ਸਲਾਂ ਦੀ ਸਹੀ ਸਮੇਂ ਸਿਰ ਖਰੀਦ ਨਾ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੂਜੇ ਪਾਸੇ ਬਾਰਦਾਨੇ ਦੀ ਘਾਟ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਭਿੱਜ ਕੇ ਖਰਾਬ ਹੋਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨ ਇਸੇ ਤਰ੍ਹਾਂ ਦਾ ਮੌਸਮ ਰਹੇਗਾ। ਕਿਸਾਨਾਂ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਮੰਡੀਆਂ ਵਿੱਚ ਪਈ ਫ਼ਸਲ ਦੀ ਖਰੀਦ ਤੇ ਚੁਕਾਈ ਲਈ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਫ਼ਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।