ਦੇਸ਼ ਦਾ ਅਗਲਾ CDS ਕੌਣ ? ਸਰਕਾਰ ਜਲਦ ਕਰ ਸਕਦੀ ਐਲਾਨ, ਦੌੜ 'ਚ ਆਰਮੀ ਚੀਫ ਨਰਵਾਣੇ ਵੀ ਸ਼ਾਮਲ
ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਬੇਵਕਤੀ ਮੌਤ ਕਾਰਨ ਪੂਰਾ ਦੇਸ਼ ਸਦਮੇ ਵਿੱਚ ਹੈ। ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਚੀਨ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਤਣਾਅ ਹੈ।
ਨਵੀਂ ਦਿੱਲੀ: ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਬੇਵਕਤੀ ਮੌਤ ਕਾਰਨ ਪੂਰਾ ਦੇਸ਼ ਸਦਮੇ ਵਿੱਚ ਹੈ। ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਚੀਨ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਤਣਾਅ ਹੈ। ਇਸ ਲਈ ਸੀਡੀਐਸ ਰਾਵਤ ਦੇ ਉਤਰਾਧਿਕਾਰੀ ਨੂੰ ਵੀ ਜਲਦੀ ਤੋਂ ਜਲਦੀ ਚੁਣਨਾ ਹੋਵੇਗਾ। ਸੂਤਰਾਂ ਮੁਤਾਬਕ ਸਰਕਾਰ ਜਲਦੀ ਹੀ ਅਗਲੇ ਸੀਡੀਐਸ ਦੇ ਨਾਂ ਦਾ ਐਲਾਨ ਕਰ ਸਕਦੀ ਹੈ।
ਕੂਨੂਰ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸ਼ਾਮ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਐਮਰਜੈਂਸੀ ਮੀਟਿੰਗ ਬੁਲਾਈ ਸੀ। ਹੈਲੀਕਾਪਟਰ ਹਾਦਸੇ ਦੇ ਸ਼ਹੀਦਾਂ ਦੇ ਸਨਮਾਨ ਵਿੱਚ ਦੋ ਮਿੰਟ ਦਾ ਮੌਨ ਧਾਰਣ ਤੋਂ ਇਲਾਵਾ ਮੀਟਿੰਗ ਵਿੱਚ ਕੀ ਹੋਇਆ ਇਸ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ।
ਆਰਮੀ ਚੀਫ ਜਨਰਲ ਐਮਐਮ ਨਰਵਾਣੇ ਨੂੰ ਸੀਡੀਐਸ ਦੇ ਅਹੁਦੇ ਲਈ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਅਤੇ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਵੀ ਇਸ ਦੌੜ ਵਿੱਚ ਸ਼ਾਮਲ ਹੈ। ਚੌਧਰੀ ਨੇ 30 ਸਤੰਬਰ ਨੂੰ ਹਵਾਈ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ ਜਦਕਿ ਹਰੀ ਕੁਮਾਰ ਪਿਛਲੇ ਮਹੀਨੇ 30 ਨਵੰਬਰ ਨੂੰ ਜਲ ਸੈਨਾ ਮੁਖੀ ਬਣੇ ਸਨ।
ਥਲ ਸੈਨਾ ਮੁਖੀ ਦੇ ਤੌਰ 'ਤੇ ਜਨਰਲ ਨਰਵਾਣੇ ਦਾ ਕਾਰਜਕਾਲ ਅਗਲੇ ਸਾਲ ਅਪ੍ਰੈਲ 'ਚ ਖਤਮ ਹੋਣ ਵਾਲਾ ਹੈ। ਸੋਧੇ ਹੋਏ ਨਿਯਮਾਂ ਅਨੁਸਾਰ, ਸੀਡੀਐਸ 65 ਸਾਲ ਦੀ ਉਮਰ ਤੱਕ ਅਹੁਦਾ ਸੰਭਾਲ ਸਕਦਾ ਹੈ ਜਦੋਂ ਕਿ ਤਿੰਨਾਂ ਸੇਵਾਵਾਂ ਦੇ ਮੁਖੀਆਂ ਦਾ ਕਾਰਜਕਾਲ 3 ਸਾਲ ਜਾਂ 62 ਸਾਲ ਦੀ ਉਮਰ ਤੱਕ (ਜੋ ਵੀ ਪਹਿਲਾਂ ਆਉਂਦਾ ਹੈ) ਤੱਕ ਹੁੰਦਾ ਹੈ।
ਇਕ ਸੀਨੀਅਰ ਅਧਿਕਾਰੀ ਨੇ ਸਾਡੇ ਸਹਿਯੋਗੀ ਟਾਈਮਜ਼ ਆਫ ਇੰਡੀਆ ਨੂੰ ਦੱਸਿਆ, 'ਪੂਰਬੀ ਲੱਦਾਖ 'ਚ ਚੀਨ ਨਾਲ 19 ਮਹੀਨਿਆਂ ਤੋਂ ਫੌਜੀ ਟਕਰਾਅ ਚੱਲ ਰਿਹਾ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਆਰਮੀ, ਨੇਵੀ ਅਤੇ ਏਅਰ ਫੋਰਸ ਵਿਚਕਾਰ ਬਿਹਤਰ ਤਾਲਮੇਲ ਲਈ ਜਲਦੀ ਤੋਂ ਜਲਦੀ ਇੱਕ ਥੀਏਟਰ ਕਮਾਂਡ ਦਾ ਗਠਨ ਕੀਤਾ ਜਾਵੇ। ਇਹ ਯੋਜਨਾਬੰਦੀ, ਲੌਜਿਸਟਿਕਸ, ਸਿਖਲਾਈ ਆਦਿ ਦੇ ਰੂਪ ਵਿੱਚ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਸੰਭਵ ਬਣਾਵੇਗਾ।
ਅਧਿਕਾਰੀ ਨੇ ਦੱਸਿਆ ਕਿ ਜਨਰਲ ਰਾਵਤ ਨੇ ਸਾਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਪਰ ਉਨ੍ਹਾਂ ਦੀ ਬੇਵਕਤੀ ਮੌਤ ਕਾਰਨ ਕੰਮ ਅਧੂਰਾ ਰਹਿ ਗਿਆ। ਜਨਰਲ ਬਿਪਿਨ ਰਾਵਤ ਇੱਕੋ ਸਮੇਂ ਤਿੰਨ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ। ਉਹ ਨਾ ਸਿਰਫ਼ ਸੀਡੀਐਸ, ਸਗੋਂ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਵੀ ਸਨ। ਇਸ ਤੋਂ ਇਲਾਵਾ ਉਹ ਰੱਖਿਆ ਮੰਤਰਾਲੇ ਵਿੱਚ ਨਵੇਂ ਬਣਾਏ ਗਏ ਸੈਨਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਸਨ।