ਪੜਚੋਲ ਕਰੋ
ਸਿਆਸੀ ਪੋਸਟ ਮਾਰਟਮ: ਲੌਂਗੋਵਾਲ ਕਿਉਂ ਤੇ ਕਿਵੇਂ ਬਣੇ SGPC ਪ੍ਰਧਾਨ ?

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਲੌਂਗੋਵਾਲ ਨਾ ਬਾਦਲ ਪਰਿਵਾਰ ਦੇ ਬੇਹੱਦ ਕਰੀਬੀਆਂ 'ਚੋਂ ਸਨ ਤੇ ਨਾ ਹੀ ਅਕਾਲੀ ਦਲ 'ਚ ਉਨ੍ਹਾਂ ਦਾ ਕੋਈ ਬਹੁਤ ਵੱਡਾ ਕੱਦ ਸੀ। ਇੱਥੋਂ ਤੱਕ ਕਿ ਨਵੇਂ ਬਣਾਏ ਜਾ ਰਹੇ ਪ੍ਰਧਾਨਾਂ ਦੀ ਚਰਚਾ 'ਚ ਵੀ ਉਨ੍ਹਾਂ ਦਾ ਨਾਂ ਸ਼ੁਮਾਰ ਨਹੀਂ ਸੀ। ਸਵਾਲ ਇਹ ਹੈ ਕਿ ਫੇਰ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਉਂ ਤੇ ਕਿਵੇਂ ਬਣੇ ? ਦਰਅਸਲ ਅਕਾਲੀ ਦਲ ਦੇ ਇਤਿਹਾਸ 'ਚ ਪਿਛਲੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਉਸ ਨੂੰ ਹੁਣ ਤੱਕ ਦੀਆਂ ਸਭ ਤੋਂ ਘੱਟ 15 ਸੀਟਾਂ ਮਿਲੀਆਂ ਹਨ। ਚੋਣਾਂ ਤੋਂ ਬਾਅਦ ਬਾਦਲ ਪਰਿਵਾਰ ਨੂੰ ਇਹ ਗੱਲ ਸਮਝ ਆਈ ਹੈ ਕਿ ਉਨ੍ਹਾਂ ਦੇ ਪਰਿਵਾਰ ਖ਼ਿਲਾਫ ਰੋਹ ਵੀ ਇੱਕ ਮੁੱਦਾ ਵੱਡਾ ਸੀ। ਯਾਨੀ ਵਿਰੋਧੀਆਂ ਤੇ ਲੋਕਾਂ ਦੇ ਨਿਸ਼ਾਨੇ 'ਤੇ ਅਕਾਲੀ ਦਲ ਦੀ ਥਾਂ ਬਾਦਲ ਪਰਿਵਾਰ ਸੀ। ਕੁਝ ਲੋਕਾਂ ਨੇ ਚੋਣਾਂ 'ਚ ਇੱਥੋਂ ਤੱਕ ਕਿਹਾ ਕਿ ਅੱਜਕਲ੍ਹ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਬਾਦਲ ਪਰਿਵਾਰ ਹੋ ਚੁੱਕਿਆ ਹੈ। ਯਾਨੀ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਵਿਰੋਧ ਤੋਂ ਲੈ ਕੇ ਪੰਜਾਬੀ ਸੂਬਾ ਮੋਰਚਾ ਲਈ ਸੰਘਰਸ਼ ਕਰਨ ਵਾਲੀ ਪਾਰਟੀ ਇੱਕ ਪਰਿਵਾਰ ਤੱਕ ਸਿਮਟ ਗਈ। ਇਸ ਨਾਲ ਅਕਾਲੀ ਦਲ ਤੇ ਬਾਦਲ ਪਰਿਵਾਰ ਦੀ ਸਾਖ਼ ਖਰਾਬ ਹੋਈ। ਬਾਦਲ ਪਰਿਵਾਰ ਬਹੁਤ ਚੇਤਨ ਤਰੀਕੇ ਨਾਲ ਵਿਰੋਧੀਆਂ ਤੇ ਲੋਕਾਂ ਵਿੱਚ ਬਣੀ ਇਸ ਸਮਝ ਨੂੰ ਤੋੜਣਾ ਚਾਹੁੰਦਾ ਹੈ। ਇਸੇ ਮਾਹੌਲ 'ਚੋਂ ਹੀ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਹਨ। ਦਰਅਸਲ ਅਕਾਲੀ ਦਲ ਕੋਈ ਜਗੀਰ ਕੌਰ ਜਾਂ ਤੋਤਾ ਸਿੰਘ ਜਿਹਾ ਵਿਵਾਦਤ ਨਾਂ ਨਹੀਂ ਚਾਹੁੰਦਾ ਸੀ। ਬਾਦਲ ਲੌਂਗੋਵਾਲ ਜਿਹੇ ਗੈਰ ਵਿਵਾਦਤ ਤੇ ਲੋ-ਪ੍ਰੋਫਾਈਲ ਲੀਡਰ ਨੂੰ ਐਸਜੀਪੀਸੀ ਪ੍ਰਧਾਨ ਬਣਾ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਅਕਾਲੀ ਦਲ 'ਚ ਅੱਜ ਵੀ ਹੇਠਲੇ ਪੱਧਰ ਤੋਂ ਆਏ ਵਰਕਰ ਨੂੰ ਪੂਰੀ ਇੱਜ਼ਤ ਹੈ। ਇਸੇ ਨਾਲ ਹੀ ਇਹ ਸੁਨੇਹਾ ਵੀ ਜਾਂਦਾ ਹੈ ਕਿ ਐਸਜੀਪੀਸੀ ਪ੍ਰਧਾਨ ਬਣਨ ਵਾਲੇ ਵਿਅਕਤੀ ਦਾ ਬਾਦਲ ਪਰਿਵਾਰ ਦਾ ਨਜ਼ਦੀਕੀ ਹੋਣਾ ਜਾਂ ਨਾ ਹੋਣਾ ਮਾਇਨੇ ਨਹੀਂ ਰੱਖਦਾ। ਇਸ ਨਾਲ ਪਾਰਟੀ ਦੇ ਬਾਕੀ ਲੀਡਰਾਂ ਵੀ ਨਿਸਕਾਮ ਭਾਵਨਾ ਨਾਲ ਕੰਮ ਕਰਨਗੇ ਕਿਉਂਕਿ ਉਨ੍ਹਾਂ ਨੂੰ ਉਮੀਦ ਬੱਝੇਗੀ ਕਿ ਸਾਡਾ ਵੀ ਕਦੇ ਪ੍ਰਧਾਨਗੀ ਲਈ ਦਾਅ ਲੱਗ ਸਕਦਾ ਹੈ। ਇੱਕ ਹੋਰ ਅਹਿਮ ਕਾਰਨ ਹਰਚੰਦ ਸਿੰਘ ਲੌਂਗੋਵਾਲ ਦੀ ਅਹਿਮ ਵਿਰਾਸਤ ਹੈ। ਗੋਬਿੰਦ ਸਿੰਘ ਲੌਂਗੋਵਾਲ ਜਵਾਨੀ ਦੇ ਦਿਨਾਂ ਤੋਂ ਉਨ੍ਹਾਂ ਨਾਲ ਬੇਹੱਦ ਨੇੜਿਓਂ ਜੁੜੇ ਹੋਏ ਸਨ। ਲੌਂਗੋਵਾਲ ਪੰਥ 'ਚ ਵੱਡਾ ਸਿਆਸੀ ਨਾਂ ਸੀ ਤੇ ਉਸ ਦੀ ਵਿਰਾਸਤ ਨੂੰ ਇਸ ਜ਼ਰੀਏ ਵਰਤਿਆ ਜਾ ਸਕਦਾ ਹੈ। ਇਸ ਨਾਲ ਵੀ ਬਾਦਲ ਪਰਿਵਾਰ ਦੀ ਪਾਰਟੀ ਦੇ ਕਬਜ਼ੇ ਵਾਲੀ ਸਮਝ ਕਿਤੇ ਨਾ ਕਿਤੇ ਪਰ੍ਹਾਂ ਹੋਵੇਗੀ। ਹਰਚੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਧਰਮ ਯੁੱਧ ਮੋਰਚਾ ਦੇ ਡਿਕਟੇਟਰ ਰਹੇ ਹਨ। ਖਾਲਿਸਤਾਨੀਆਂ ਨੇ ਲੌਂਗੋਵਾਲ ਦਾ ਕਤਲ ਇਸ ਕਰਕੇ ਕਰ ਦਿੱਤਾ ਸੀ ਕਿਉਂਕਿ ਲੌਂਗੋਵਾਲ ਨੇ ਖਾਲਿਸਤਾਨੀਆਂ ਤੋਂ ਵੱਖ ਹੋ ਕੇ ਉਸ ਮੌਕੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਪੰਜਾਬ ਬਾਰੇ ਇਕ ਸਮਝੌਤਾ ਕੀਤਾ ਸੀ। ਲੌਂਗੋਵਾਲ ਦੇ ਪੱਖੀ ਉਨ੍ਹਾਂ ਨੂੰ "ਸ਼ਾਂਤੀ ਦਾ ਪੁੰਜ' ਕਹਿੰਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















