ਨਵਜੋਤ ਸਿੱਧੂ ਦੀ ਸਲਾਹ 'ਤੇ ਚੱਲੇਗੀ ਭਗਵੰਤ ਮਾਨ ਸਰਕਾਰ ਜਾਂ ਸਿੱਧੂ ਫੜਨਗੇ 'ਆਪ' ਦਾ ਝਾੜੂ ? ਪੰਜਾਬ ਦੀ ਸਿਆਸਤ 'ਚ ਹਲਚਲ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਨੂੰ ਪੰਜਾਬ ਦੀ ਸਿਆਸਤ ਵਿੱਚ ਨਵੇਂ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸੂਤਰਾਂ ਮੁਤਾਬਕ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ 'ਪੰਜਾਬ ਮਾਡਲ' ਸੌਂਪਿਆ ਹੈ। ਇਸ ਦੇ ਨਾਲ ਹੀ ਮੀਟਿੰਗ ਵਿੱਚ ‘ਨਵਾਂ ਪੰਜਾਬ’ ਬਣਾਉਣ ਲਈ ਸਿਆਸੀ ਮਸ਼ਵਰੇ ਹੋਏ। ਹੁਣ ਸਵਾਲ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨਵਜੋਤ ਸਿੱਧੂ ਦੀ ਸਲਾਹ ਉੱਪਰ ਚੱਲੇਗੀ, ਜਾਂ ਫਿਰ ਨਵਜੋਤ ਸਿੱਧੂ ਕਾਂਗਰਸ ਨੂੰ ਅਲਵਿਦਾ ਕਹਿ ਕੇ 'ਆਪ' ਦਾ ਝਾੜੂ ਫੜਨਗੇ।
ਦਰਅਸਲ ਨਵਜੋਤ ਸਿੱਧੂ ਇਸ ਵੇਲੇ ਨਾ ਕਾਂਗਰਸ ਦੇ ਪ੍ਰਧਾਨ ਹਨ ਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ। ਉਨ੍ਹਾਂ ਨੇ ਇਹ ਮੀਟਿੰਗ ਕਿਸ ਹੈਸੀਅਤ ਵਿੱਚ ਕੀਤੀ ਤੇ ਇਸ ਦਾ ਕੀ ਅਰਥ ਹੈ, ਇਹ ਹੀ ਚਰਚਾ ਦਾ ਵਿਸ਼ਾ ਹੈ। ਨਵਜੋਤ ਸਿੱਧੂ ਨੇ ਮੀਟਿੰਗ ਵੀ ਉਸ ਵੇਲੇ ਕੀਤੀ ਜਦੋਂ ਹਾਈਕਮਾਨ ਉਨ੍ਹਾਂ ਖਿਲਾਫ ਅਨੁਸਾਸ਼ਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਇਸ ਲਈ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣੀ ਤੋਂ ਸਿਆਸਤ ‘ਚ ਹਲਚਲ ਪੈਦਾ ਹੋ ਗਈ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਨੂੰ ਪੰਜਾਬ ਦੀ ਸਿਆਸਤ ਵਿੱਚ ਨਵੇਂ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਦਿਆਂ ਦੇ ਮਾਮਲੇ ‘ਤੇ ਮਿਲੇ ਹਨ ਜਿਨ੍ਹਾਂ ਲਈ ਉਹ ਸੱਤ ਵਰ੍ਹਿਆਂ ਤੋਂ ਲੜਾਈ ਲੜ ਰਹੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੀਟਿੰਗ ਵਿੱਚ ਪੰਜਾਬ ਦੀ ਆਮਦਨ ਵਿੱਚ ਵਾਧੇ ਲਈ ਮਾਫ਼ੀਏ ਨੂੰ ਨੱਥ ਪਾਉਣ ਲਈ ਸੁਝਾਓ ਰੱਖੇ ਗਏ। ਸ਼ਰਾਬ ਤੇ ਰੇਤ ਤੋਂ ਆਮਦਨ ਵਧਾਉਣ ਲਈ ਨੁਕਤੇ ਰੱਖੇ ਗਏ।
ਨਵਜੋਤ ਸਿੱਧੂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਠੇਕੇਦਾਰੀ ਪ੍ਰਣਾਲੀ ਨੂੰ ਬੰਦ ਕਰਨ ਕਿਉਂਕਿ ਇਸ ਪ੍ਰਣਾਲੀ ਦੀ ਪਿੱਠ ‘ਤੇ ਹੀ ਸਿਆਸੀ ਜਮਾਤ ਖੜ੍ਹੀ ਹੈ। ਸਿੱਧੂ ਨੇ ਮੀਟਿੰਗ ਵਿੱਚ ਸ਼ਰਾਬ ਦੀ ਤਸਕਰੀ ਰੋਕਣ, ਨਜਾਇਜ਼ ਕਬਜ਼ੇ ਹਟਾਉਣ, ਨੁਕਸਦਾਰ ਬਿਜਲੀ ਸਮਝੌਤੇ ਰੱਦ, ਰੇਤ ਦੇ ਰੇਟ ਤੈਅ ਕਰਨ ਤੋਂ ਇਲਾਵਾ ਕੇਬਲ ਮਾਫ਼ੀਏ ਦੇ ਖ਼ਾਤਮੇ ਦੀ ਅਪੀਲ ਵੀ ਕੀਤੀ।