ਸ਼ਰਾਬ ਦੇ ਸ਼ੌਕੀਨਾਂ ਲਈ ਝਟਕਾ! ਅੱਜ ਤੋਂ ਮਿਲੇਗੀ ਮਹਿੰਗੀ ਬੋਤਲ
ਮਾਰਚ ਵਿੱਚ ਹੀ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੀ ਬੋਤਲ ਦਾ ਰੇਟ 30 ਰੁਪਏ ਵਧਾ ਦਿੱਤਾ ਸੀ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਤੋਂ ਦੇਸੀ ਸ਼ਰਾਬ ਦੀ ਬੋਤਲ 10 ਰੁਪਏ ਤੇ ਅੰਗਰੇਜ਼ੀ ਸ਼ਰਾਬ ਦੀ ਬੋਤਲ 20 ਰੁਪਏ ਤੱਕ ਮਹਿੰਗੀ ਮਿਲ ਸਕਦੀ ਹੈ।
Liquor Price in Punjab: ਸ਼ਰਾਬ ਦੇ ਸ਼ੌਕੀਨਾਂ ਲਈ ਝਟਕਾ ਹੈ। ਅੱਜ ਤੋਂ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਹੋ ਰਹੀ ਹੈ। ਇਸ ਨਾਲ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀ ਕੀਮਤ ਵਧੇਗੀ। ਉਂਝ ਕਈ ਇਲਾਕਿਆਂ ਵਿੱਚ ਠੇਕੇ ਵਾਲਿਆਂ ਨੇ ਇਹ ਵਾਧਾ ਪਹਿਲਾਂ ਹੀ ਕਰ ਦਿੱਤਾ ਸੀ। ਮਾਰਚ ਵਿੱਚ ਹੀ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੀ ਬੋਤਲ ਦਾ ਰੇਟ 30 ਰੁਪਏ ਵਧਾ ਦਿੱਤਾ ਸੀ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਤੋਂ ਦੇਸੀ ਸ਼ਰਾਬ ਦੀ ਬੋਤਲ 10 ਰੁਪਏ ਤੇ ਅੰਗਰੇਜ਼ੀ ਸ਼ਰਾਬ ਦੀ ਬੋਤਲ 20 ਰੁਪਏ ਤੱਕ ਮਹਿੰਗੀ ਮਿਲ ਸਕਦੀ ਹੈ। ਉਂਝ ਬੀਅਰ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਉਧਰ, ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੀ ਸ਼ਰਾਬ ਦੇ ਭਾਅ ਹੋਰਨਾਂ ਸੂਬਿਆਂ ਨਾਲੋਂ ਘੱਟ ਹਨ। ਉਨ੍ਹਾਂ ਮੁਤਾਬਕ ਪੰਜਾਬ ਵਿਚ ਨਵੀਂ ਆਬਕਾਰੀ ਨੀਤੀ ਨਾਲ ਆਮਦਨ ਵਿਚ ਕਰੀਬ 43 ਫ਼ੀਸਦੀ ਦਾ ਵਾਧਾ ਹੋਇਆ ਹੈ ਜੋ ਆਪਣੇ ਆਪ ਵਿੱਚ ਰਿਕਾਰਡ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿਚ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਈ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਸਾਰੇ ਠੇਕਿਆਂ ਦੀ ਨਿਲਾਮੀ ਕਰ ਕੇ 7,989 ਕਰੋੜ ਦੀ ਰਾਖਵੀਂ ਕੀਮਤ ਦੇ ਮੁਕਾਬਲੇ 8,007 ਕਰੋੜ ਰੁਪਏ ਕਮਾਏ ਹਨ। ਵਰ੍ਹਾ 2023-24 ਲਈ ਆਬਕਾਰੀ ਤੋਂ 9,745 ਕਰੋੜ ਰੁਪਏ ਦਾ ਟੀਚਾ ਮਿਥਿਆ ਗਿਆ ਹੈ। ਪੰਜਾਬ ਸਰਕਾਰ ਨੇ 171 ਗਰੁੱਪਾਂ ਦੀ ਨਿਲਾਮੀ ਮੁਕੰਮਲ ਕਰ ਲਈ ਹੈ ਜਿਸ ਵਿੱਚੋਂ ਕਰੀਬ 70 ਫ਼ੀਸਦੀ ਗਰੁੱਪਾਂ ਦਾ ਕੰਮ ਪੁਰਾਣੇ ਕਾਰੋਬਾਰੀਆਂ ਨੂੰ ਹੀ ਰੀਨਿਊ ਕੀਤਾ ਗਿਆ ਹੈ।
ਰੀਨਿਊ ਕੀਤੇ ਗਰੁੱਪਾਂ ਵਿਚ ਤਿੰਨ ਸਲੈਬ ਬਣਾਏ ਗਏ ਸਨ। ਜਿੱਥੇ ਕਿਤੇ ਸ਼ਰਾਬ ਦੀ ਵਿਕਰੀ ਵਧੇਰੇ ਸੀ, ਉੱਥੇ 16 ਫ਼ੀਸਦੀ ਦੇ ਵਾਧੇ ਨਾਲ ਗਰੁੱਪ ਰੀਨਿਊ ਕੀਤਾ ਗਿਆ ਤੇ ਦਰਮਿਆਨੀ ਵਿੱਕਰੀ ਵਾਲੇ ਗਰੁੱਪ ਨੂੰ 12 ਫ਼ੀਸਦੀ ਵਾਧੇ ਨਾਲ ਅਤੇ ਘੱਟ ਵਿੱਕਰੀ ਵਾਲੇ ਗਰੁੱਪ ਨੂੰ 10 ਫ਼ੀਸਦੀ ਦੇ ਵਾਧੇ ਨਾਲ ਰੀਨਿਊ ਕੀਤਾ ਗਿਆ ਹੈ। ਵਰ੍ਹਾ 2022-23 ਦੌਰਾਨ ਆਬਕਾਰੀ ਕਮਾਈ ਦਾ ਟੀਚਾ 9600 ਕਰੋੜ ਦਾ ਰੱਖਿਆ ਗਿਆ ਸੀ ਅਤੇ ਹੁਣ ਤੱਕ ਸਰਕਾਰ ਨੂੰ 8900 ਕਰੋੜ ਦੀ ਆਮਦਨ ਹੋ ਚੁੱਕੀ ਹੈ।
ਦੱਸ ਦਈਏ ਕਿ ਪਿਛਲੇ ਸਾਲ ਜੂਨ 2022 ਵਿਚ ਨੌ ਮਹੀਨਿਆਂ ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ ਸੀ ਤਾਂ ਸਰਕਾਰ ਨੂੰ 5,446 ਕਰੋੜ ਰੁਪਏ ਦੀ ਆਮਦਨ ਹੋਈ ਸੀ। ਐਤਕੀਂ ਆਬਕਾਰੀ ਵਿਭਾਗ ਨੇ ਹਰ ਲਾਇਸੈਂਸਿੰਗ ਯੂਨਿਟ ਨੂੰ ਸ਼ਰਾਬ ਦੇ ਦੋ ਮਾਡਲ ਠੇਕੇ ਸਥਾਪਤ ਕਰਨ ਵਾਸਤੇ ਵੀ ਕਿਹਾ ਹੈ। ਵੱਡੇ ਸ਼ਹਿਰਾਂ ਵਿਚ ਵਿਸ਼ੇਸ਼ ਵਾਈਨ ਅਤੇ ਬੀਅਰ ਦੀਆਂ ਦੁਕਾਨਾਂ ਵੀ ਖੋਲ੍ਹ ਰਹੀ ਹੈ।