ਯੂਥ ਅਕਾਲੀ ਆਗੂ ਦਾ ਮੁਹਾਲੀ 'ਚ ਗੋਲੀਆਂ ਮਾਰ ਕਤਲ
ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਦੇ ਸੈਕਟਰ 71 ਵਿੱਚ ਗੋਲੀਆਂ ਮਾਰ ਕੇ ਕੀਤਾ ਕਤਲ
ਯੂਥ ਅਕਾਲੀ ਦਲ ਦੇ ਨੇਤਾ ਵਿੱਕੀ ਮਿੱਡੂਖੇੜਾ ਦੀ ਸ਼ਨੀਵਾਰ ਨੂੰ ਪੰਜਾਬ ਦੇ ਮੁਹਾਲੀ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਾਮਲੇ ਦੇ ਵੇਰਵੇ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਚਾਰ ਨਕਾਬਪੋਸ਼ਾਂ ਚੋਂ ਦੋ ਨੇ ਮਿੱਡੂਖੇੜਾ ਦਾ ਪਿੱਛਾ ਕੀਤਾ ਅਤੇ ਉਸ 'ਤੇ ਗੋਲੀਆਂ ਚਲਾਇਆਂ। ਇਹ ਹਮਲਾ ਮੁਹਾਲੀ ਦੇ ਸੈਕਟਰ 71 ਵਿੱਚ ਸਵੇਰੇ 10.30 ਵਜੇ ਦੇ ਕਰੀਬ ਹੋਇਆ। ਵਿੱਕੀ ਮਿੱਡੂਖੇੜਾ ਇੱਕ ਪ੍ਰਾਪਰਟੀ ਡੀਲਰ ਦੇ ਦਫਤਰ ਤੋਂ ਨਿਕਲਣ ਤੋਂ ਬਾਅਦ ਆਪਣੀ ਕਾਰ ਵਿੱਚ ਬੈਠਣ ਲਈ ਜਾ ਰਿਹਾ ਸੀ ਜਦੋਂ ਕੁਝ ਲੋਕਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ।
Punjab | Youth Akali Dal leader Vicky Middukhera shot dead by unidentified people in Mohali. Details awaited.
— ANI (@ANI) August 7, 2021
ਦੱਸ ਦਈਏ ਕਿ ਵਿੱਕੀ ਮਿੱਡੂਖੇੜਾ ਦਾ ਪੂਰਾ ਨਾਂ ਵਿਕਰਮਜੀਤ ਸਿੰਘ ਮਿੱਡੂਖੇੜਾ ਹੈ। ਉਹ ਅਕਾਲੀ ਦਲ ਦੇ ਯੁਵਾ ਮੋਰਚੇ ਦਾ ਆਗੂ ਸੀ। ਵਿੱਕੀ ਮਿੱਡੂਖੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਸੰਸਥਾ, ਪੰਜਾਬ ਯੂਨੀਵਰਸਿਟੀ (SOPU) ਦੇ ਸਾਬਕਾ ਪ੍ਰਧਾਨ ਸੀ। ਪੁਲਿਸ ਰਿਪੋਰਟ ਮੁਤਾਕਬ ਵਿੱਕੀ ਮਤੌਰ ਬਾਜ਼ਾਰ ਪਹੁੰਚਿਆ ਅਤੇ ਆਪਣੀ ਚਿੱਟੀ ਐਸਯੂਵੀ ਵਿੱਚ ਬੈਠਣ ਵਾਲਾ ਸੀ ਜਦੋਂ ਉਸ 'ਤੇ ਹਮਲਾ ਹੋ ਗਿਆ। ਜਦੋਂ ਦੋ ਹਮਲਾਵਰਾਂ ਨੇ ਕਥਿਤ ਤੌਰ 'ਤੇ ਵਿੱਕੀ 'ਤੇ ਗੋਲੀਆਂ ਚਲਾਈਆਂ, ਤਾਂ ਉਹ ਆਪਣੀ ਜਾਨ ਬਚਾਉਣ ਲਈ ਅੱਧਾ ਕਿਲੋਮੀਟਰ ਤੱਕ ਭੱਜਿਆ। ਪੁਲਿਸ ਨੇ ਉਸਦੀ ਲਾਸ਼ ਸੈਕਟਰ 71 ਦੇ ਕਮਿਊਨਿਟੀ ਸੈਂਟਰ ਦੇ ਬਾਹਰੋਂ ਬਰਾਮਦ ਕੀਤੀ।
ਪੁਲਿਸ ਨੇ ਦੱਸਿਆ ਕਿ ਚਾਰ ਨਕਾਬਪੋਸ਼ਾਂ ਨੇ ਕਥਿਤ ਤੌਰ 'ਤੇ ਵਿਦਿਆਰਥੀ ਨੇਤਾ 'ਤੇ ਕਰੀਬ 8 ਤੋਂ 9 ਰਾਊਂਡ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਉਹ ਮੁਲਜ਼ਮਾਂ ਦੀ ਪਛਾਣ ਦਾ ਪਤਾ ਲਾਉਣ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ। ਘਟਨਾ ਤੋਂ ਬਾਅਦ ਐਸਐਸਪੀ ਸਤਿੰਦਰ ਸਿੰਘ, ਡੀਐਸਪੀ ਅਤੇ ਮਟੌਰ ਦੇ ਐਸਪੀ ਮੌਕੇ ’ਤੇ ਪਹੁੰਚੇ। ਦਿਨ ਦਿਹਾੜੇ ਹੋਏ ਕਤਲ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿੱਕੀ ਮਿੱਡੂਖੇੜਾ ਕੋਲ ਆਪਣੀ ਕਾਰ ਵਿੱਚ ਲਾਇਸੈਂਸਸ਼ੁਦਾ ਰਿਵਾਲਵਰ ਸੀ ਪਰ ਉਸਨੂੰ ਇਸਦੀ ਵਰਤੋਂ ਕਰਨ ਲਈ ਲੋੜੀਂਦਾ ਸਮਾਂ ਨਹੀਂ ਮਿਲਿਆ।
ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।