ਮੁਲਾਜ਼ਮਾਂ ਨੂੰ ਝਟਕਾ! ਨਵਾਂ ਲੇਬਰ ਕੋਡ ਨਾਲ ਘੱਟ ਜਾਵੇਗੀ ਤਨਖਾਹ, ਰੀ-ਸਟਰੱਕਚਰਿੰਗ ਨਾਲ 25 ਤੋਂ 30 ਫ਼ੀਸਦੀ ਘਟੇਗੀ
ਨਵਾਂ ਲੇਬਰ ਕੋਡ ਲਾਗੂ ਹੋਣ ਨਾਲ ਨੌਕਰੀਪੇਸ਼ਾ ਲੋਕਾਂ ਦੀ ਟੇਕ ਹੋਮ ਸੈਲਰੀ ਘੱਟ ਹੋ ਸਕਦੀ ਹੈ। ਅਗਲੇ ਮਹੀਨੇ ਦੇਸ਼ 'ਚ ਚਾਰ ਲੇਬਰ ਕੋਡ ਲਾਗੂ ਹੋ ਰਹੇ ਹਨ। ਉਨ੍ਹਾਂ ਅਨੁਸਾਰ ਕੰਪਨੀਆਂ ਨੂੰ ਸੀਟੀਸੀ 'ਚ ਬੇਸਿਕ ਪੇ ਦਾ ਹਿੱਸਾ ਘੱਟੋ-ਘੱਟ 50 ਫ਼ੀਸਦੀ ਕਰਨਾ ਹੋਵੇਗਾ।
ਨਵੀਂ ਦਿੱਲੀ: ਨਵਾਂ ਲੇਬਰ ਕੋਡ ਲਾਗੂ ਹੋਣ ਨਾਲ ਨੌਕਰੀਪੇਸ਼ਾ ਲੋਕਾਂ ਦੀ ਟੇਕ ਹੋਮ ਸੈਲਰੀ ਘੱਟ ਹੋ ਸਕਦੀ ਹੈ। ਅਗਲੇ ਮਹੀਨੇ ਦੇਸ਼ 'ਚ ਚਾਰ ਲੇਬਰ ਕੋਡ ਲਾਗੂ ਹੋ ਰਹੇ ਹਨ। ਉਨ੍ਹਾਂ ਅਨੁਸਾਰ ਕੰਪਨੀਆਂ ਨੂੰ ਸੀਟੀਸੀ 'ਚ ਬੇਸਿਕ ਪੇ ਦਾ ਹਿੱਸਾ ਘੱਟੋ-ਘੱਟ 50 ਫ਼ੀਸਦੀ ਕਰਨਾ ਹੋਵੇਗਾ। ਸਪੱਸ਼ਟ ਹੈ ਇਸੇ ਦੇ ਆਧਾਰ 'ਤੇ ਪੀਐਫ ਕੱਟੇਗਾ।
ਜਦੋਂ ਬੇਸਿਕ ਪੇ ਜ਼ਿਆਦਾ ਹੋਵੇਗਾ ਤਾਂ ਪੀਐਫ 'ਚ ਕੰਟ੍ਰੀਬਿਊਸ਼ਨ ਵੱਧ ਜਾਵੇਗਾ। ਇਸ ਨਾਲ ਪੀਐਫ ਤੇ ਗ੍ਰੈਚੂਟੀ ਦੋਵਾਂ ਦੀ ਕੰਟ੍ਰੀਬਿਊਸ਼ਨ ਵੱਧ ਜਾਵੇਗੀ। ਇਸ ਕਾਰਨ ਤਨਖਾਹ 'ਚ ਵਾਧੇ ਦੇ ਬਾਵਜੂਦ ਤੁਹਾਡੀ ਟੇਕ ਹੋਮ ਸੈਲਰੀ ਘੱਟ ਹੋ ਸਕਦੀ ਹੈ।
ਲੇਬਰ ਕੋਡ ਤਹਿਤ ਤਨਖਾਹ ਦੀ ਨਵੀਂ ਪਰਿਭਾਸ਼ਾ
ਲੇਬਰ ਕੋਡ ਤਹਿਤ ਤਨਖਾਹ ਦੀ ਨਵੀਂ ਪਰਿਭਾਸ਼ਾ ਤੈਅ ਕੀਤੀ ਗਈ ਹੈ। ਇਸ ਕਾਰਨ ਕੰਪਨੀਆਂ ਨੂੰ ਗ੍ਰੈਚੂਟੀ, ਛੁੱਟੀ ਬਦਲੇ ਪੈਸੇ ਤੇ ਪੀਐਫ ਲਈ ਵੱਧ ਰਕਮ ਦਾ ਪ੍ਰਬੰਧ ਕਰਨਾ ਪਵੇਗਾ। ਨਵੇਂ ਨਿਯਮਾਂ ਤਹਿਤ ਵਿੱਤੀ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਬਾਅਦ ਕੰਪਨੀਆਂ ਸਾਲ ਦੇ ਦੂਜੇ ਅੱਧ 'ਚ ਉਨ੍ਹਾਂ ਦੇ ਤਨਖਾਹ ਬਜਟ ਦੀ ਸਮੀਖਿਆ ਕਰਨਗੀ।
ਇਸ ਸਮੀਖਿਆ ਕਾਰਨ ਵੱਧ ਤੇ ਮੀਡੀਅਮ ਤਨਖਾਹ ਸਮੂਹ 'ਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ, ਪਰ ਨਵੇਂ ਨਿਯਮ ਅਨੁਸਾਰ ਘੱਟ ਤਨਖਾਹ ਲੈਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਉਨ੍ਹਾਂ ਦਾ ਵੱਡਾ ਹਿੱਸਾ ਆਪਸ 'ਚ ਮਰਜ਼ ਹੋ ਜਾਵੇਗਾ ਤੇ ਇਸ ਨਾਲ ਪੀਐਫ ਅਤੇ ਗ੍ਰੈਚੂਟੀ ਕੰਟ੍ਰੀਬਿਊਸ਼ਨ ਲਈ ਵੱਧ ਪੈਸੇ ਕਟਣਗੇ। ਜ਼ਾਹਿਰ ਹੈ ਇਸ ਨਾਲ ਟੇਕ ਹੋਮ ਸੈਲਰੀ ਘੱਟ ਹੋ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਨਵੇਂ ਤਨਖਾਹ ਰੀ-ਸਟਰੱਕਚਰਿੰਗ ਨਾਲ ਉਨ੍ਹਾਂ ਦੀ ਤਨਖਾਹ 'ਚ 25 ਤੋਂ 30 ਫ਼ੀਸਦੀ ਤਕ ਦੀ ਕਮੀ ਆ ਸਕਦੀ ਹੈ।
ਘੱਟੋ-ਘੱਟ ਪੈਨਸ਼ਨ 'ਚ ਕੋਈ ਵਾਧਾ ਨਹੀਂ ਹੋਇਆ
ਇਸ ਦੌਰਾਨ ਸਰਕਾਰ ਨੇ ਕਿਹਾ ਹੈ ਕਿ ਕਰਮਚਾਰੀ ਪੈਨਸ਼ਨ ਸਕੀਮ 95 ਅਧੀਨ ਮਿਲਣ ਵਾਲੇ ਘੱਟੋ-ਘੱਟ ਮਹੀਨਾਵਾਰ ਪੈਨਸ਼ਨ ਨੂੰ ਵਧਾਉਣਾ ਸੰਭਵ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤਕ ਇਸ ਲਈ ਬਜਟ ਸਹਾਇਤਾ ਨਹੀਂ ਮਿਲ ਜਾਂਦੀ, ਘੱਟੋ-ਘੱਟ ਪੈਨਸ਼ਨ ਵਧਾਉਣਾ ਮੁਸ਼ਕਲ ਹੈ।
ਸਰਕਾਰ ਦਾ ਕਹਿਣਾ ਹੈ ਕਿ ਈਪੀਐਸ-95 ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਨੇ ਕੁਝ ਸ਼ਰਤਾਂ ਨਾਲ ਮਹੀਨਾਵਾਰ ਤਨਖਾਹ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ ਪਰ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਹੈ ਕਿ ਸਰਕਾਰ ਇਸ ਦਾ ਭਾਰ ਅਜੇ ਸਹਿਣ ਦੇ ਯੋਗ ਨਹੀਂ ਹੈ।