ਚਰਨਜੀਤ ਚੰਨੀ ਫਰਸ਼ ਤੋਂ ਅਰਸ਼ 'ਤੇ ਇੰਝ ਪਹੁੰਚੇ, ਸਿਆਸੀ ਫਰੰਟ 'ਤੇ ਇੰਝ ਮਾਰੀ ਬਾਜੀ, ਪੜ੍ਹੋ ਦਿਲਚਸਪ ਕਹਾਣੀ
ਵਕੀਲ, ਮੈਨੇਜਮੈਂਟ ਗ੍ਰੈਜੂਏਟ ਤੇ ਦਲਿਤਾਂ ਦੇ ਵਕੀਲ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚਰਨਜੀਤ ਚੰਨੀ ਦਾ ਸਿਆਸੀ ਕੱਦ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਉਤਾਂਹ ਵੱਲ ਨੂੰ ਜਾ ਰਿਹਾ ਹੈ।
ਚੰਡੀਗੜ੍ਹ: ਵਕੀਲ, ਮੈਨੇਜਮੈਂਟ ਗ੍ਰੈਜੂਏਟ ਤੇ ਦਲਿਤਾਂ ਦੇ ਵਕੀਲ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚਰਨਜੀਤ ਚੰਨੀ ਦਾ ਸਿਆਸੀ ਕੱਦ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਉਤਾਂਹ ਵੱਲ ਨੂੰ ਜਾ ਰਿਹਾ ਹੈ। ਨਗਰ ਕੌਂਸਲ ਪ੍ਰਧਾਨ ਚੁਣੇ ਜਾਣ ਤੋਂ ਲੈ ਕੇ ਪੰਜਾਬ ਦੇ ਦਲਿਤ ਭਾਈਚਾਰੇ ਦੇ ਪਹਿਲੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੱਕ। ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਚੰਨੀ 2012 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ।
ਜਾਣੋ ਚੰਨੀ ਦਾ ਸਿਆਸੀ ਸਫ਼ਰ-
ਚਰਨਜੀਤ ਚੰਨੀ ਦਲਿਤ ਸਿੱਖ (ਰਾਮਦਾਸੀਆ ਸਿੱਖ) ਭਾਈਚਾਰੇ ਤੋਂ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੰਤਰੀ ਮੰਡਲ ਵਿੱਚ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਨੌਕਰੀਆਂ ਪੈਦਾ ਕਰਨ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗਾਂ ਨੂੰ ਸੰਭਾਲ ਰਹੇ ਸਨ।
ਚੰਨੀ ਨੇ ਤਿੰਨ ਹੋਰ ਮੰਤਰੀਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬਗਾਵਤ ਕਰ ਦਿੱਤੀ ਸੀ, ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੈਂਪ ਦੇ ਪੱਖ ਵਿੱਚ ਸੀ। ਦਿਲਚਸਪ ਗੱਲ ਇਹ ਹੈ ਕਿ 2007 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਚਮਕੌਰ ਸਾਹਿਬ ਸੀਟ ਲਈ ਕਾਂਗਰਸੀ ਉਮੀਦਵਾਰ ਵਿਰੁੱਧ ਬਗਾਵਤ ਕਰਨ ਦੇ ਤਿੰਨ ਸਾਲ ਬਾਅਦ ਦਸੰਬਰ 2010 ਵਿੱਚ ਚੰਨੀ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਵਾਲੇ ਕੈਪਟਨ ਅਮਰਿੰਦਰ ਹੀ ਸਨ।
ਦਲਿਤਾਂ ਨਾਲ ਜੁੜੇ ਮੁੱਦਿਆਂ 'ਤੇ ਚੰਨੀ ਰਹੇ ਅਮਰਿੰਦਰ ਸਰਕਾਰ ਦੇ ਸਖਤ ਆਲੋਚਕ
ਚੰਨੀ ਦਲਿਤਾਂ ਨਾਲ ਜੁੜੇ ਮੁੱਦਿਆਂ ਜਿਵੇਂ ਕਿ ਸੀਨੀਅਰ ਸਰਕਾਰੀ ਅਹੁਦਿਆਂ 'ਤੇ ਅਨੁਸੂਚਿਤ ਜਾਤੀਆਂ ਦੀ ਨੁਮਾਇੰਦਗੀ ਨੂੰ ਲੈ ਕੇ ਸਰਕਾਰ ਦੀ ਸਖਤ ਆਲੋਚਕ ਰਹੇ ਹਨ। ਚੰਨੀ ਰਾਜਨੀਤੀ ਵਿੱਚ ਪਹਿਲੀ ਵਾਰ ਤਦ ਦਾਖ਼ਲ ਹੋਏ, ਜਦੋਂ ਉਹ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸਨ। ਉਨ੍ਹਾਂ ਆਪਣੀ ਗ੍ਰੈਜੂਏਸ਼ਨ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਵਿੱਚ ਦਾਖਲਾ ਲਿਆ ਸੀ। ਇਸ ਸਮੇਂ ਦੌਰਾਨ ਉਹ ਵਿਦਿਆਰਥੀ ਯੂਨੀਅਨ ਦੇ ਜਨਰਲ ਸਕੱਤਰ ਵੀ ਚੁਣੇ ਗਏ ਸਨ।
ਸਾਲ 2002 ਵਿੱਚ ਹੋਈ ਸੀਖਰੜ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਚੰਨੀ ਦੀ ਚੋਣ
ਇੱਕ ਵਿਦਿਆਰਥੀ ਨੇਤਾ ਵਜੋਂ ਅਰੰਭ ਕਰਦਿਆਂ, ਚੰਨੀ ਦਾ ਰਾਜ ਪੱਧਰ 'ਤੇ ਰਾਜਨੀਤਕ ਸਫਰ 2002 ਵਿੱਚ ਖਰੜ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਚੁਣੇ ਜਾਣ ਨਾਲ ਸ਼ੁਰੂ ਹੋਇਆ ਸੀ। ਚੰਨੀ ਨੇ ਪਹਿਲੀ ਵਾਰ 2007 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਜਿੱਤੇ। ਉਹ 2012 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਤੇ ਉਸੇ ਸੀਟ ਤੋਂ ਦੁਬਾਰਾ ਵਿਧਾਇਕ ਚੁਣੇ ਗਏ। ਚੰਨੀ ਨੇ ਦੋ ਪੋਸਟ ਗ੍ਰੈਜੂਏਟ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਤੇ ਇੱਕ ਸਿਖਲਾਈ ਪ੍ਰਾਪਤ ਵਕੀਲ ਹਨ। ਚੰਨੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਮਬੀਏ ਵੀ ਕੀਤੀ ਹੈ।
ਵਿਵਾਦਾਂ 'ਚ ਘਿਰੇ ਸਨ, ਜਦੋਂ ਲੱਗਾ ਸੀ ਚੰਨੀ' ਤੇ 'ਮੀਟੂ' ਦਾ ਦੋਸ਼
ਇੱਕ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਚੰਨੀ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਏ ਸਨ, ਜਦੋਂ ਇੱਕ ਮਹਿਲਾ ਭਾਰਤੀ ਪ੍ਰਸ਼ਾਸਕੀ ਸੇਵਾ (ਆਈਏਐਸ IAS) ਅਧਿਕਾਰੀ ਨੇ ਉਨ੍ਹਾਂ ਉੱਤੇ 2018 ਵਿੱਚ "ਅਣਉਚਿਤ ਮੈਸੇਜ" ਭੇਜਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਸਰਕਾਰ ਦਾ ਪੱਖ ਪੁੱਛਿਆ। ਉਸ ਸਮੇਂ, ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੰਨੀ ਨੂੰ ਮਹਿਲਾ ਅਧਿਕਾਰੀ ਤੋਂ ਮੁਆਫੀ ਮੰਗਣ ਲਈ ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਹੁਣ ਇਹ ਮਾਮਲਾ “ਹੱਲ” ਹੋ ਗਿਆ ਹੈ।
ਪਰ ਇਸ ਸਾਲ ਮਈ ਵਿੱਚ ਇਹ ਮੁੱਦਾ ਦੁਬਾਰਾ ਉੱਭਰਿਆ ਸੀ, ਜਦੋਂ ਮਹਿਲਾ ਕਮਿਸ਼ਨ ਦੇ ਮੁਖੀ ਨੇ ਚੇਤਾਵਨੀ ਦਿੱਤੀ ਕਿ ਜੇ ਰਾਜ ਸਰਕਾਰ ਇੱਕ "ਅਣਉਚਿਤ ਮੈਸੇਜ" ਦੇ ਮੁੱਦੇ ਉੱਤੇ ਇੱਕ ਹਫ਼ਤੇ ਦੇ ਅੰਦਰ ਆਪਣਾ ਪੱਖ ਦੱਸਣ ਵਿੱਚ ਅਸਫਲ ਰਹੀ ਤਾਂ ਉਹ ਭੁੱਖ ਹੜਤਾਲ' ਤੇ ਚਲੇ ਜਾਣਗੇ।
ਸਾਲ 2018 ’ਚ ਚੰਨੀ ਮੁੜ ਘਿਰੇ ਵਿਵਾਦਾਂ ’ਚ
ਸਾਲ 2018 ਵਿੱਚ ਚੰਨੀ ਫਿਰ ਵਿਵਾਦਾਂ ਵਿੱਚ ਫਸ ਗਏ ਸਨ, ਜਦੋਂ ਉਹ ਇੱਕ ਪੌਲੀਟੈਕਨਿਕ ਇੰਸਟੀਚਿਊਟ ਵਿੱਚ ਲੈਕਚਰਾਰ ਦੇ ਅਹੁਦੇ ਉੱਤੇ ਨਿਯੁਕਤੀ ਲਈ ਦੋ ਉਮੀਦਵਾਰਾਂ ਬਾਰੇ ਫੈਸਲਾ ਲੈਣ ਲਈ ਇੱਕ ਸਿੱਕਾ ਉਛਾਲਿਆ ਸੀ। ਉਸ ਵੀਡੀਓ ਵਾਇਰਲ ਹੋ ਗਈ ਸੀ। ਇਸ ਕਾਰਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਨਾਭਾ ਦਾ ਇੱਕ ਲੈਕਚਰਾਰ ਅਤੇ ਪਟਿਆਲਾ ਦਾ ਇੱਕ ਹੋਰ ਲੈਕਚਰਾਰ, ਦੋਵੇਂ ਪਟਿਆਲਾ ਦੇ ਇੱਕੋ ਸਰਕਾਰੀ ਪੌਲੀਟੈਕਨਿਕ ਇੰਸਟੀਚਿਊਟ ਵਿੱਚ ਤਾਇਨਾਤ ਹੋਣਾ ਚਾਹੁੰਦੇ ਸਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਚੰਨੀ
ਚੰਨੀ ਨੇ ਇਕ ਵਾਰ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਸੜਕ ਬਣਵਾ ਦਿੱਤੀ ਸੀ, ਤਾਂ ਜੋ ਉਨ੍ਹਾਂ ਦੇ ਘਰ ਦਾ ਦਾਖ਼ਲਾ ਪੂਰਬ ਦਿਸ਼ਾ ਤੋਂ ਕੀਤਾ ਜਾ ਸਕੇ ਅਤੇ ਬਾਅਦ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸਭ ਕੁਝ ਢਾਹ ਦਿੱਤਾ ਸੀ। ਚੰਨੀ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਸਨ।
ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਕਿਉਂ ਚੁਣਿਆ?
ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਮਹਿਜ਼ ਪੰਜ ਮਹੀਨੇ ਬਾਕੀ ਹਨ, ਕਾਂਗਰਸ ਲਈ ਇੱਕ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਸੀ। ਸੂਬੇ ਵਿੱਚ 32 ਫ਼ੀਸਦੀ ਆਬਾਦੀ ਦਲਿਤਾਂ ਦੀ ਹੈ। ਦੁਆਬਾ ਖੇਤਰ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਦਲਿਤਾਂ ਦੀ ਆਬਾਦੀ ਸਭ ਤੋਂ ਵੱਧ ਹੈ।
ਕਾਂਗਰਸ ਨੂੰ ਉਮੀਦ ਹੈ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਕਾਰਨ ਹੋਏ ਸੰਭਾਵਤ ਨੁਕਸਾਨ ਦੀ ਭਰਪਾਈ ਕਰੇਗਾ।
ਦੱਸ ਦੇਈਏ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗਠਜੋੜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜੇ ਉਹ ਵਿਧਾਨ ਸਭਾ ਚੋਣਾਂ ਜਿੱਤਦੇ ਹਨ, ਤਾਂ ਦਲਿਤ ਵਰਗਾਂ ਦੇ ਨੇਤਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਨੂੰ ਵੀ ਸੂਬੇ ਵਿੱਚ ਜਿੱਤ ਦੀ ਉਮੀਦ ਹੈ ਤੇ ਉਸ ਨੇ ਵੀ ਕਿਸੇ ਸਿੱਖ ਦਲਿਤ ਨੇਤਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ।