Uttarakhand CM on Ripped Jeans: ਔਰਤਾਂ ਨੇ ਟ੍ਰੈਂਡ ਕਰਵਾਇਆ #RippedJeans, ਪਾਟੀਆਂ ਜੀਨਜ਼ ਨਾਲ ਤਸਵੀਰਾਂ ਸ਼ੇਅਰ ਕੀਤੀਆਂ
ਤੀਰਥ ਸਿੰਘ ਰਾਵਤ ਨੂੰ ਭਾਜਪਾ ਹਾਈ ਕਮਾਂਡ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਤਾਂ ਇਸ ਲਈ ਕਿ ਉਹ ਸੂਬੇ ਵਿੱਚ ਕੁਝ ਬਿਹਤਰ ਕੰਮ ਕਰਨਗੇ ਪਰ ਰਾਵਤ ਨੇ ਕੁਰਸੀ ਉੱਤੇ ਬੈਠਦਿਆਂ ਹੀ ਵਿਵਾਦਗ੍ਰਸਤ ਬਿਆਨਾਂ ਦੀ ਬੁਛਾੜ ਲਾ ਦਿੱਤੀ ਹੈ।
ਤੀਰਥ ਸਿੰਘ ਰਾਵਤ ਨੂੰ ਭਾਜਪਾ ਹਾਈ ਕਮਾਂਡ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਤਾਂ ਇਸ ਲਈ ਕਿ ਉਹ ਸੂਬੇ ਵਿੱਚ ਕੁਝ ਬਿਹਤਰ ਕੰਮ ਕਰਨਗੇ ਪਰ ਰਾਵਤ ਨੇ ਕੁਰਸੀ ਉੱਤੇ ਬੈਠਦਿਆਂ ਹੀ ਵਿਵਾਦਗ੍ਰਸਤ ਬਿਆਨਾਂ ਦੀ ਬੁਛਾੜ ਲਾ ਦਿੱਤੀ ਹੈ। ਰਾਵਤ ਨੇ ਮੰਗਲਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਪਹਿਲਾਂ ਇਹ ਕਿਹਾ ਕਿ ਫਟੀ ਹੋਈ ਜੀਨਜ਼ ਪਹਿਨਣ ਵਾਲੀਆਂ ਔਰਤਾਂ ਕੀ ਸੰਸਕਾਰ ਦੇਣਗੀਆਂ ਅਤੇ ਫਿਰ ਇਹ ਵੀ ਆਖ ਦਿੱਤਾ ਕਿ ਜਦੋਂ ਉਹ ਵਿਦਿਆਰਥੀ ਸਨ, ਤਾਂ ਉਨ੍ਹਾਂ ਦੇ ਇਲਾਕੇ ਦੀ ਇੱਕ ਕੁੜੀ ਚੰਡੀਗੜ੍ਹ ਤੋਂ ਪਰਤੀ, ਤਾਂ ਉਸ ਦੇ ਕੱਪੜੇ ਵੇਖ ਕੇ ਲੜਕਿਆਂ ਨੇ ਉਸ ਦੇ ਪਿੱਛੇ ਨੱਸਣਾ ਸ਼ੁਰੂ ਕਰ ਦਿੱਤਾ।
ਔਰਤਾਂ ਨੇ ਰਾਵਤ ਦੇ ਅਜਿਹੇ ਬਿਆਨਾਂ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਤੇ ਵਿਅੰਗ ਕੀਤੇ ਅਤੇ ਟਵਿਟਰ ਉੱਤੇ #RippedJeans ਟ੍ਰੈਂਡ ਕਰਵਾ ਦਿੱਤਾ। ਨਾਲ ਹੀ ਉਨ੍ਹਾਂ ਪਾਟੀਆਂ ਹੋਈਆਂ ਜੀਨਜ਼ ਪਹਿਨੀਆਂ ਤੇ ਤਸਵੀਰਾਂ ਨੂੰ ਪੋਸਟ ਕੀਤਾ।
ਸ਼ਿਵ ਸੈਨਾ ਦੇ ਤਰਜਮਾਨ ਪ੍ਰਿਅੰਕਾ ਚਤੁਰਵੇਦੀ ਨੇ ਇਸ ਹੈਸ਼ਟੈਗ ਉੱਤੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜੀ ਸੋਚ ਬਦਲੋ, ਤਦ ਹੀ ਦੇਸ਼ ਬਦਲੇਗਾ।
ਸਾਬਕਾ ਫ਼ੈਮਿਨਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਨੇ ਵੀ ਪਾਟੀ ਹੋਈ ਜੀਨਜ਼ ਵਾਲੀ ਤਸਵੀਰ ਟਵੀਟ ਕੀਤੀ। ਅਦਾਕਾਰਾ ਗੁਲ ਪਨਾਗ, ਸੋਨਮ ਮਹਾਜਨ, ਪੱਤਰਕਾਰ ਰੋਹਿਣੀ ਸਿੰਘ, ਦਿੱਲੀ ਮਹਿਲਾ ਕਮਿਸ਼ਨ ਦੇ ਪ੍ਰਧਾਨ ਸਵਾਤੀ ਮਾਲੀਵਾਲ, ਅਮਿਤਾਭ ਬੱਚਨ ਦੀ ਦੋਹਤਰੀ ਨੱਵਯਾ ਨਵੇਲੀ ਨੰਦਾ ਤੇ ਹੋਰ ਹਜ਼ਾਰਾਂ ਔਰਤਾਂ ਨੇ ਪਾਟੀਆਂ ਜੀਨਜ਼ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਰਾਵਤ ਦੇ ਇਸ ਬਿਆਨ ਉੱਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੁਆ ਮੋਇਤ੍ਰਾ ਨੇ ਲਿਖਿਆ ਕਿ ਤੁਸੀਂ ਸਟੇਟ ਚਲਾਉਂਦੇ ਹੋ ਪਰ ਦਿਮਾਗ਼ ਪਾਟੇ ਹੋਏ ਦਿਸਦੇ ਹਨ।
ਸੀਪੀਆਈ (ਐੱਮਐੱਲ) ਦੇ ਪੋਲਿਟ ਬਿਊਰੋ ਮੈਂਬਰ ਕਵਿਤਾ ਕ੍ਰਿਸ਼ਨਨ ਨੇ ਟਵੀਟ ਕੀਤਾ – ਔਰਤਾਂ ਨੂੰ ਮਿਲੋ, ਤਾਂ ਉਨ੍ਹਾਂ ਦੇ ਕੰਮ, ਵਿਚਾਰ ਨਾਲ ਨਹੀਂ, ਸਗੋਂ ਇਹ ਵੇਖੋ ਕਿ ਉਨ੍ਹਾਂ ਦੇ ਗੋਡੇ ਢਕੇ ਹੋਏ ਹਨ ਜਾਂ ਨਹੀਂ। ਔਰਤ ਦੇ ਕੱਪੜੇ ਬਾਜ਼ਾਰੂ ਨਹੀਂ, ਸਗੋਂ ਤੁਹਾਡੀ ਸੋਚ ਬਲਾਤਕਾਰੀ ਹੈ।
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਅਜਿਹਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਤੁਸੀਂ ਕੱਪੜਿਆਂ ਤੋ ਫ਼ੈਸਲਾ ਕਰੋਗੇ ਕਿ ਕੌਣ ਸਭਿਅਕ ਹੈ ਤੇ ਕੌਣ ਨਹੀਂ। ਅਜਿਹੀ ਸੋਚ ਨਾਲ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਨੂੰ ਹੱਲਾਸ਼ੇਰੀ ਮਿਲਦੀ ਹੈ।
ਕੁੱਲ ਮਿਲਾ ਕੇ ਤੀਰਥ ਸਿੰਘ ਰਾਵਤ ਨੇ ਆਪਣਾ ਚੰਗਾ ਮਜ਼ਾਕ ਉਡਵਾ ਲਿਆ ਹੈ।