ਚੇਤਾਵਨੀ! ‘ਬਲੈਕ ਫ਼ੰਗਸ’ ਤੋਂ ਬਾਅਦ ਹੁਣ ਭਾਰਤ ’ਚ ਆ ਗਿਆ ‘ਬੋਨ ਡੈੱਥ’ ਰੋਗ
ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਪਹਿਲਾਂ ‘ਬਲੈਕ ਫ਼ੰਗਸ’ ਦੇ ਖ਼ਤਰਨਾਕ ਮਾਮਲੇ ਸਾਹਮਣੇ ਆਉਂਦੇ ਰਹੇ ਤੇ ਲੋਕ ਡਰਦੇ ਰਹੇ। ਹੁਣ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਣ ਪਿੱਛੋਂ ‘ਬੋਨ ਡੈੱਥ’ ਦੇ ਕੁਝ ਮਰੀਜ਼ਾਂ ਦਾ ਪਤਾ ਲੱਗਾ ਹੈ।
ਮੁੰਬਈ: ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਪਹਿਲਾਂ ‘ਬਲੈਕ ਫ਼ੰਗਸ’ ਦੇ ਖ਼ਤਰਨਾਕ ਮਾਮਲੇ ਸਾਹਮਣੇ ਆਉਂਦੇ ਰਹੇ ਤੇ ਲੋਕ ਡਰਦੇ ਰਹੇ। ਹੁਣ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਣ ਪਿੱਛੋਂ ‘ਬੋਨ ਡੈੱਥ’ ਦੇ ਕੁਝ ਮਰੀਜ਼ਾਂ ਦਾ ਪਤਾ ਲੱਗਾ ਹੈ। ਡਾਕਟਰਾਂ ਨੂੰ ਖ਼ਦਸ਼ਾ ਹੈ ਕਿ ਅਜਿਹੇ ਹੋਰ ਮਾਮਲੇ ਵੀ ਦੇਸ਼ ਵਿੱਚ ਹੋ ਸਕਦੇ ਹਨ।
ਦਰਅਸਲ, ਮੁੰਬਈ ’ਚ ਤਿੰਨ ਰੋਗੀਆਂ ਦੇ ‘ਅਵੈਸਕਿਊਲਰ ਨੈਕ੍ਰੌਸਿਸ’ (Avascular Necrosis) ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ; ਜਿਸ ਵਿੱਚ ਹੱਡੀਆਂ ਦੇ ਟਿਸ਼ੂ ਮਰ ਜਾਂਦੇ ਹਨ। ਡਾਕਟਰੀ ਭਾਸ਼ਾ ਵਿੱਚ ਇਸ ਸਥਿਤੀ ਨੂੰ AVN ਵੀ ਕਿਹਾ ਜਾਂਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੁੰਬਈ ਦੇ ਮਾਹਿਮ ਇਲਾਕੇ ’ਚਿ ਸਥਿਤ ਹਿੰਦੂਜਾ ਹਸਪਤਾਲ ਵਿੱਚ 3 ਮਰੀਜ਼ ਦਾਖ਼ਲ ਹੋਏ ਹਨ, ਜਿਨ੍ਹਾਂ ਨੂੰ ਕੋਵਿਡ ਤੋਂ ਠੀਕ ਹੋਣ ਦੇ ਦੋ ਮਹੀਨਿਆਂ ਬਾਅਦ AVN ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ। ਤਿੰਨਾਂ ਦੀ ਉਮਰ 40 ਸਾਲ ਤੋਂ ਘੱਟ ਹੈ।
ਇਨ੍ਹਾਂ ਰੋਗੀਆਂ ਨੂੰ ਪਹਿਲਾਂ ਪੱਟ ਦੀ ਹੱਡੀ ਦੇ ਬਿਲਕੁਲ ਉੱਪਰਲੇ ਹਿੱਸੇ ਵਿੱਚ ਦਰਦ ਮਹਿਸੂਸ ਹੋਇਆ ਸੀ। ਜਦੋਂ ਡਾਕਟਰਾਂ ਨੇ ਚੈੱਕ ਕੀਤਾ, ਤਾਂ ਉਹ AVN ਨਿੱਕਲਿਆ। ‘ਬਲੈਕ ਫ਼ੰਗਸ’ ਕਾਰਣ ਇਹ ਰੋਗ ਵੀ ਸਟੀਰਾਇਡ ਦੀ ਵਰਤੋਂ ਕਰਕੇ ਹੁੰਦਾ ਹੈ ਪਰ ਇਸ ਮਾਮਲੇ ਦੀ ਮੁਸੀਬਤ ਇਹ ਹੈ ਕਿ ਕੋਵਿਡ-19 ਦੇ ਇਲਾਜ ਵਿੱਚ ਡਾਕਟਰਾਂ ਨੂੰ ਸਟੀਰਾਇਡ ਵਰਤਣੇ ਹੀ ਪੈਂਦੇ ਹਨ।
AVN ਸਬੰਧੀ ਡਾ. ਅਗਰਵਾਲ ਦਾ ਇੱਕ ਖੋਜ ਪਰਚਾ ਸਨਿੱਚਰਵਾਰ ਨੂੰ ਵੱਕਾਰੀ ਮੈਡੀਕਲ ਜਰਨਲ ‘ਬੀਐੱਮਜੇ ਕੇਸ ਸਟੱਡੀਜ਼’ (BMJ Case Studies) ’ਚ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਸਪੱਸ਼ਟ ਲਿਖਿਆ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਕੌਰਟੀਕੋਸਟੀਰਾਇਡਜ਼ ਦੀ ਵਰਤੋਂ ਕਾਰਣ AVN ਹੁੰਦਾ ਹੈ।
ਇਸ ਦੌਰਾਨ ਕੋਇੰਬਟੂਰ ਦੇ ਸਰਕਾਰੀ ਹਸਪਤਾਲ ’ਚ ਜਿਹੜੇ ‘ਬਲੈਕ ਫ਼ੰਗਸ’ (Mucromycosis) ਦੇ 264 ਮਰੀਜ਼ ਆਏ ਸਨ, ਉਨ੍ਹਾਂ ਵਿੱਚੋਂ 30 ਰੋਗੀਆਂ ਦੀਆਂ ਅੱਖਾਂ ਦੀ ਨਜ਼ਰ ਚਲੀ ਗਈ ਹੈ; ਜਿਹੜੇ ਇਸ ਸਥਿਤੀ ਦਾ ਇਲਾਜ ਕਰਵਾਉਣ ਲਈ ਛੇਤੀ ਡਾਕਟਰ ਕੋਲ ਆ ਗਏ ਸਨ, ਉਹ ਹੁਣ ਠੀਕ ਹਨ।