ਤਾਲਿਬਾਨ ਦਾ ਖੌਫ! ਅਮਰੀਕੀ ਫੌਜ ਡੈਡਲਾਈਨ ਤੋਂ 24 ਘੰਟੇ ਪਹਿਲਾਂ ਅਫ਼ਗਾਨਿਸਤਾਨ 'ਚੋਂ ਦੌੜੀ
ਯੂਐਸ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਕੈਨੇਥ ਮੈਕੇਂਜੀ ਨੇ ਪੈਂਟਾਗਨ ਦੀ ਨਿਊਜ਼ ਬ੍ਰੀਫਿੰਗ 'ਚ ਇਸ ਦਾ ਐਲਾਨ ਕੀਤਾ।
ਵਾਸ਼ਿੰਗਟਨ: ਅਮਰੀਕਾ ਤਾਲਿਬਾਨ ਤੋਂ ਇੰਨਾ ਡਰ ਗਿਆ ਹੈ ਕਿ ਉਸ ਨੇ ਆਪਣੀ ਫੌਜ ਡੈਡਲਾਈਨ ਤੋਂ 24 ਘੰਟੇ ਪਹਿਲਾਂ ਹੀ ਕੱਢ ਲਈ ਹੈ। ਤਾਲਿਬਾਨ ਨੇ ਅਮਰੀਕਾ ਨੂੰ 31 ਅਗਸਤ ਤੱਕ ਡੈੱਡਲਾਈਨ ਦਿੱਤੀ ਸੀ ਪਰ ਅਫ਼ਗਾਨਿਸਤਾਨ 'ਚ ਅਮਰੀਕਾ ਦੀ 20 ਸਾਲ ਪੁਰਾਣੀ ਫ਼ੌਜੀ ਮੌਜੂਦਗੀ ਡੈਡਲਾਈਨ ਤੋਂ 24 ਘੰਟੇ ਪਹਿਲਾਂ ਹੀ ਖ਼ਤਮ ਹੋ ਗਈ।
ਯੂਐਸ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਕੈਨੇਥ ਮੈਕੇਂਜੀ ਨੇ ਪੈਂਟਾਗਨ ਦੀ ਨਿਊਜ਼ ਬ੍ਰੀਫਿੰਗ 'ਚ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਫ਼ੌਜੀਆਂ ਨੇ ਤੈਅ ਸਮੇਂ ਤੋਂ 24 ਘੰਟੇ ਪਹਿਲਾਂ ਹੀ ਅਫ਼ਗਾਨਿਸਤਾਨ ਨੂੰ ਛੱਡ ਦਿੱਤਾ ਹੈ। ਦੇਰ ਰਾਤ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਅਮਰੀਕਾ ਦੇ ਅੰਤਮ ਤਿੰਨ ਜਹਾਜ਼ਾਂ ਨੇ ਉਡਾਣ ਭਰੀ।
ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਇਸ ਸਾਲ ਦੇ ਸ਼ੁਰੂ 'ਚ ਉਨ੍ਹਾਂ ਦੀ ਵਾਪਸੀ ਲਈ 31 ਅਗਸਤ ਦੀ ਡੈਡਲਾਈਨ ਤੈਅ ਕੀਤੀ ਸੀ। ਇਸ ਮਗਰੋਂ ਤਾਲਿਬਾਨ ਨੇ ਅਲਟੀਮੇਟਮ ਦਿੱਤਾ ਸੀ ਕਿ ਦੇ 31 ਅਗਸਤ ਤੱਕ ਫੌਜ ਨਾ ਨਿਕਲੀ ਤਾਂ ਭਿਆਨਕ ਸਿੱਟੇ ਨਿਕਲਣਗੇ। ਤਾਲਿਬਾਨ ਲੜਾਕਿਆਂ ਨੇ ਜਿਵੇਂ ਹੀ ਆਖਰੀ ਅਮਰੀਕੀ ਜਹਾਜ਼ਾਂ ਨੂੰ ਕਾਬੁਲ ਤੋਂ ਰਵਾਨਾ ਹੁੰਦੇ ਹੋਏ ਵੇਖਿਆ ਤਾਂ ਗੋਲੀਬਾਰੀ ਕਰਕੇ ਖੁਸ਼ੀ ਮਨਾਈ।
ਅਫ਼ਗਾਨਿਸਤਾਨ ਦੇ ਕੂਟਨੀਤਕ ਮਿਸ਼ਨ ਨੂੰ ਕਤਰ ਲੈ ਕੇ ਜਾਵੇਗਾ ਅਮਰੀਕਾ
ਅਮਰੀਕਾ ਨੇ ਅਫ਼ਗਾਨਿਸਤਾਨ 'ਚ ਆਪਣੀ ਕੂਟਨੀਤਕ ਮੌਜੂਦਗੀ ਵੀ ਖਤਮ ਕਰ ਦਿੱਤੀ ਤੇ ਇਸ ਨੂੰ ਕਤਰ 'ਚ ਸ਼ਿਫ਼ਟ ਕਰ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਆਪਣੇ ਅਫ਼ਗਾਨਿਸਤਾਨ ਕੂਟਨੀਤਕ ਮਿਸ਼ਨ ਨੂੰ ਕਤਰ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਨਵੇਂ ਮਿਸ਼ਨ ਦੀ ਅਗਵਾਈ ਕਰਨ ਲਈ ਇਕ ਨਵੀਂ ਟੀਮ ਬਣਾਈ ਹੈ।
ਵਿਦੇਸ਼ ਮੰਤਰੀ ਨੇ ਅਫ਼ਗਾਨਿਸਤਾਨ 'ਚ ਉਨ੍ਹਾਂ ਦੇ ਯੋਗਦਾਨ ਲਈ ਅਮਰੀਕਾ ਦੇ ਸਹਿਯੋਗੀਆਂ ਤੇ ਭਾਈਵਾਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਹਰ ਤਰ੍ਹਾਂ ਨਾਲ ਵਿਸ਼ਵਵਿਆਪੀ ਕੋਸ਼ਿਸ਼ ਸੀ। ਬਹੁਤ ਸਾਰੇ ਦੇਸ਼ਾਂ ਨੇ ਲੋਕਾਂ ਨੂੰ ਏਅਰਲਿਫਟਿੰਗ 'ਚ ਮਜ਼ਬੂਤ ਯੋਗਦਾਨ ਦਿੱਤਾ। ਬਲਿੰਕੇਨ ਨੇ ਕਿਹਾ ਕਿ ਵਿਦੇਸ਼ ਵਿਭਾਗ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ 'ਚ ਅਜੇ ਵੀ 200 ਅਮਰੀਕੀ ਬਚੇ ਹੋਏ ਹਨ, ਜੋ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ।
ਪਿਛਲੇ 17 ਦਿਨਾਂ 'ਚ 120,000 ਤੋਂ ਵੱਧ ਨਾਗਰਿਕਾਂ ਨੂੰ ਬਾਹਰ ਕੱਢਿਆ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ ਕਿ ਪਿਛਲੇ 17 ਦਿਨਾਂ ਵਿੱਚ 1 ਲੱਖ 20 ਹਜ਼ਾਰ ਤੋਂ ਵੱਧ ਅਮਰੀਕੀ, ਵਿਦੇਸ਼ੀ ਅਤੇ ਅਫਗਾਨ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਿਆ ਗਿਆ ਹੈ। ਬਿਡੇਨ ਨੇ ਕਿਹਾ ਕਿ ਪਿਛਲੇ 17 ਦਿਨਾਂ 'ਚ ਸਾਡੇ ਫੌਜੀਆਂ ਨੇ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਏਅਰਲਿਫਟ ਕੀਤੀ ਹੈ। 1,20,000 ਤੋਂ ਵੱਧ ਅਮਰੀਕੀ ਨਾਗਰਿਕ, ਸਾਡੇ ਸਹਿਯੋਗੀ ਨਾਗਰਿਕ ਅਤੇ ਸੰਯੁਕਤ ਰਾਜ ਦੇ ਅਫ਼ਗਾਨ ਸਹਿਯੋਗੀ ਨਾਗਰਿਕਾਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਨੇ ਇਸ ਨੂੰ ਬੇਮਿਸਾਲ ਹਿੰਮਤ ਤੇ ਦ੍ਰਿੜ ਇਰਾਦੇ ਨਾਲ ਕੀਤਾ ਹੈ। ਹੁਣ ਅਫ਼ਗਾਨਿਸਤਾਨ 'ਚ ਸਾਡੀ 20 ਸਾਲਾਂ ਦੀ ਫੌਜੀ ਮੌਜੂਦਗੀ ਖਤਮ ਹੋ ਗਈ ਹੈ।
ਬਿਡੇਨ ਅਮਰੀਕੀ ਲੋਕਾਂ ਨੂੰ ਸੰਬੋਧਨ ਕਰਨਗੇ
ਬਿਡੇਨ ਮੰਗਲਵਾਰ ਨੂੰ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ 'ਤੇ ਅਮਰੀਕੀ ਲੋਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ, "ਮੈਂ ਅਫ਼ਗਾਨਿਸਤਾਨ 'ਚ ਆਪਣੀ ਮੌਜੂਦਗੀ 31 ਅਗਸਤ ਤੋਂ ਅੱਗੇ ਨਾ ਵਧਾਉਣ ਦੇ ਆਪਣੇ ਫ਼ੈਸਲੇ ਉੱਤੇ ਅਮਰੀਕੀ ਲੋਕਾਂ ਨੂੰ ਸੰਬੋਧਤ ਕਰਾਂਗਾ।" ਉਨ੍ਹਾਂ ਕਿਹਾ ਕਿ ਸਾਡੇ ਏਅਰਲਿਫਟ ਮਿਸ਼ਨ ਨੂੰ ਸਾਡੇ ਕਮਾਂਡਰਾਂ ਦੀ ਯੋਜਨਾ ਅਨੁਸਾਰ ਸਮਾਪਤ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਾਡੇ ਫੌਜੀ ਮਿਸ਼ਨ ਨੂੰ ਖਤਮ ਕਰਨਾ ਸਾਡੇ ਫ਼ੌਜੀਆਂ ਦੀ ਜਾਨਾਂ ਦੀ ਰਾਖੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੀ।