ਰੂਸ ਨੂੰ ਵੱਡਾ ਝਟਕਾ! McDonald's, ਸਟਾਰਬਕਸ, ਕੋਕਾ-ਕੋਲਾ, PepsiCo ਨੇ ਰੂਸ 'ਚ ਕਾਰੋਬਾਰ ਅਸਥਾਈ ਤੌਰ 'ਤੇ ਕੀਤਾ ਬੰਦ, ਲੋਕ ਹੋਣਗੇ ਪ੍ਰਭਾਵਿਤ
ਮੈਕਡੋਨਾਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਤੇ ਜਨਰਲ ਇਲੈਕਟ੍ਰਿਕ ਵਰਗੇ ਕਈ ਗਲੋਬਲ ਬ੍ਰਾਂਡਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਯੂਕਰੇਨ ਦੇ ਹਮਲੇ ਦੇ ਜਵਾਬ 'ਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਰਹੇ ਹਨ।
Business Shut in Russia: ਮੈਕਡੋਨਾਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਤੇ ਜਨਰਲ ਇਲੈਕਟ੍ਰਿਕ ਵਰਗੇ ਕਈ ਗਲੋਬਲ ਬ੍ਰਾਂਡਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਯੂਕਰੇਨ ਦੇ ਹਮਲੇ ਦੇ ਜਵਾਬ 'ਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਰਹੇ ਹਨ। ਮੈਕਡੋਨਾਲਡਜ਼ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕ੍ਰਿਸ ਕੈਂਪਚਿੰਸਕੀ ਨੇ ਮੁਲਾਜ਼ਮਾਂ ਨੂੰ ਲਿਖੀ ਚਿੱਠੀ 'ਚ ਕਿਹਾ, "ਸਾਡੇ ਸਿਧਾਂਤਾਂ ਅਨੁਸਾਰ ਅਸੀਂ ਯੂਕਰੇਨ 'ਚ ਲੋਕਾਂ ਨੂੰ ਹੋਣ ਵਾਲੇ ਬੇਲੋੜੇ ਦੁੱਖਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।"
ਮੈਕਡੋਨਾਲਡਜ਼ ਨੇ ਦਿੱਤੀ ਜਾਣਕਾਰੀ
ਸ਼ਿਕਾਗੋ ਸਥਿਤ 'ਬਰਗਰ' ਦੀ ਦਿੱਗਜ਼ ਕੰਪਨੀ ਨੇ ਕਿਹਾ ਕਿ ਉਹ ਅਸਥਾਈ ਤੌਰ 'ਤੇ 850 ਸਟੋਰਾਂ ਨੂੰ ਬੰਦ ਕਰ ਦੇਣਗੇ, ਪਰ ਰੂਸ 'ਚ ਆਪਣੇ 62,000 ਮੁਲਾਜ਼ਮਾਂ ਨੂੰ ਭੁਗਤਾਨ ਕਰਨਾ ਜਾਰੀ ਰੱਖਿਆ ਜਾਵੇਗਾ, ਜਿਨ੍ਹਾਂ ਨੇ "ਸਾਡੇ ਮੈਕਡੋਨਾਲਡਜ਼ ਬ੍ਰਾਂਡ ਲਈ ਆਪਣਾ ਖੂਨ-ਪਸੀਨਾ ਲਗਾਇਆ ਹੈ।" ਕੈਂਪਚਿੰਸਕੀ ਨੇ ਚਿੱਠੀ 'ਚ ਕਿਹਾ, "ਸਾਡੇ ਵਰਗੇ ਗਲੋਬਲ ਬ੍ਰਾਂਡ ਲਈ ਸਥਿਤੀ ਬਹੁਤ ਚੁਣੌਤੀਪੂਰਨ ਹੈ ਤੇ ਚੀਜ਼ਾਂ 'ਤੇ ਵਿਚਾਰ ਕਰਨਾ ਜ਼ਰੂਰੀ ਹੈ।"
ਸਟਾਰਬਕਸ, ਕੋਕਾ ਕੋਲਾ ਨੇ ਵੀ ਰੂਸ 'ਚ ਕਾਰੋਬਾਰ ਕੀਤਾ ਬੰਦ
ਸਟਾਰਬਕਸ ਨੇ ਵੀ ਬੀਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਆਪਣੇ 130 ਰੂਸੀ ਸਟੋਰਾਂ ਤੋਂ ਹੋਣ ਵਾਲੇ ਮੁਨਾਫ਼ੇ ਨੂੰ ਯੂਕਰੇਨ 'ਚ ਮਨੁੱਖੀ ਰਾਹਤ ਕਾਰਜਾਂ ਲਈ ਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ 'ਕੋਕਾ-ਕੋਲਾ' ਨੇ ਵੀ ਰੂਸ 'ਚ ਆਪਣਾ ਕਾਰੋਬਾਰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ ਪਰ ਇਸ ਸਬੰਧ 'ਚ ਹੋਰ ਜਾਣਕਾਰੀ ਨਹੀਂ ਦਿੱਤੀ। 'ਕੋਕ' ਦੀ ਭਾਈਵਾਲ, ਸਵਿਟਜ਼ਰਲੈਂਡ ਸਥਿੱਤ ਕੋਕਾ-ਕੋਲਾ ਹੈਲੇਨਿਕ ਬੋਟਲਿੰਗ ਕੰਪਨੀ' ਕੋਲ ਰੂਸ 'ਚ 10 ਬੋਟਲਿੰਗ ਪਲਾਂਟ ਹਨ, ਜੋ ਇਸ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਕੋਕਾ-ਕੋਲਾ ਹੈਲੇਨਿਕ ਬੋਟਲਿੰਗ ਕੰਪਨੀ' 'ਚ 'ਕੋਕ' ਦੀ 21 ਫ਼ੀਸਦੀ ਹਿੱਸੇਦਾਰੀ ਹੈ।
ਪੈਪਸੀਕੋ ਤੇ 'ਜਨਰਲ ਇਲੈਕਟ੍ਰਿਕ' ਨੇ ਵੀ ਰੂਸ 'ਚ ਅੰਸ਼ਕ ਤੌਰ 'ਤੇ ਕਾਰੋਬਾਰ ਕੀਤਾ ਬੰਦ
ਪੈਪਸੀਕੋ ਤੇ ਜਨਰਲ ਇਲੈਕਟ੍ਰਿਕ ਨੇ ਵੀ ਰੂਸ 'ਚ ਆਪਣੇ ਕਾਰੋਬਾਰ ਨੂੰ ਅੰਸ਼ਕ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਪੈਪਸੀਕੋ ਨੇ ਕਿਹਾ ਹੈ ਕਿ ਉਹ ਰੂਸ 'ਚ ਆਪਣੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਬੰਦ ਕਰ ਦੇਵੇਗੀ। ਉਹ ਉੱਥੇ ਹਰ ਤਰ੍ਹਾਂ ਦੇ ਕੇਕ ਪੂੰਜੀ ਨਿਵੇਸ਼ ਤੇ ਪ੍ਰਚਾਰ ਗਤੀਵਿਧੀਆਂ ਨੂੰ ਵੀ ਮੁਅੱਤਲ ਕਰ ਦੇਵੇਗੀ। ਹਾਲਾਂਕਿ ਕੰਪਨੀ ਨੇ ਕਿਹਾ ਕਿ ਉਹ ਆਪਣੇ 20,000 ਰੂਸੀ ਮੁਲਾਜ਼ਮਾਂ ਤੇ 40,000 ਰੂਸੀ ਖੇਤੀਬਾੜੀ ਕਾਮਿਆਂ ਦਾ ਸਮਰਥਨ ਕਰਨਾ ਜਾਰੀ ਰੱਖਣ ਲਈ ਦੁੱਧ, ਬੇਬੀ ਫਾਰਮੂਲਾ ਤੇ ਬੇਬੀ ਫੂਡ ਦਾ ਉਤਪਾਦਨ ਜਾਰੀ ਰੱਖਣਗੇ।
ਕਈ ਹੋਰ ਵੱਡੀਆਂ ਕੰਪਨੀਆਂ ਰੂਸ ਤੋਂ ਵਾਪਸ ਆਈਆਂ
'ਜਨਰਲ ਇਲੈਕਟ੍ਰਿਕ' ਨੇ ਵੀ ਇੱਕ ਟਵੀਟ 'ਚ ਕਿਹਾ ਕਿ ਉਹ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅੰਸ਼ਕ ਤੌਰ 'ਤੇ ਮੁਅੱਤਲ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਰੂਸ 'ਚ ਮੌਜੂਦਾ ਬਿਜਲੀ ਸੇਵਾਵਾਂ ਲਈ ਜ਼ਰੂਰੀ ਵਸਤਾਂ ਅਤੇ ਮੈਡੀਕਲ ਉਪਕਰਣ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ 'ਕੇਐਫਸੀ' ਅਤੇ 'ਪੀਜ਼ਾ ਹੱਟ' ਦੀ ਮੂਲ ਕੰਪਨੀ 'ਯਮ ਬ੍ਰਾਂਡਸ' ਨੇ ਮੰਗਲਵਾਰ ਦੇਰ ਰਾਤ ਕਿਹਾ ਕਿ ਉਹ ਰੂਸ 'ਚ ਕੰਪਨੀ ਦੀ ਮਲਕੀਅਤ ਵਾਲੇ 70 'ਕੇਐਫਸੀ' ਰੈਸਟੋਰੈਂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਨਾਲ ਹੀ ਉਹ ਰੂਸ 'ਚ ਸਾਰੇ 50 'ਪੀਜ਼ਾ ਹੱਟ' ਰੈਸਟੋਰੈਂਟਾਂ ਨੂੰ ਬੰਦ ਕਰਨ ਲਈ ਇੱਕ ਫਰੈਂਚਾਈਜ਼ੀ ਨਾਲ ਗੱਲਬਾਤ ਕਰ ਰਹੇ ਹਨ।
ਬਰਗਰ ਕਿੰਗ ਨੇ ਵੀ ਕੀਤਾ ਇਹ ਐਲਾਨ
ਉੱਥੇ ਹੀ 'ਬਰਗਰ ਕਿੰਗ' ਨੇ ਕਿਹਾ ਕਿ ਉਹ ਰੂਸ 'ਚ ਆਪਣੇ 800 ਸਟੋਰਾਂ ਤੋਂ ਹੋਣ ਵਾਲੇ ਮੁਨਾਫ਼ੇ ਨੂੰ ਰਾਹਤ ਕਾਰਜਾਂ ਲਈ ਦੇ ਰਹੇ ਹਨ। ਐਮਾਜ਼ੋਨ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਦੇ ਕਲਾਊਡ ਕੰਪਿਊਟਿੰਗ ਨੈੱਟਵਰਕ ਅਤੇ ਐਮਾਜ਼ੋਨ ਵੈੱਬ ਸਰਵਿਸਿਜ਼ 'ਤੇ ਰੂਸ ਅਤੇ ਬੇਲਾਰੂਸ 'ਚ ਨਵੇਂ ਅਕਾਊਂਟ ਨਹੀਂ ਬਣਾਏ ਸਕਣਗੇ। ਜ਼ਿਕਰਯੋਗ ਹੈ ਕਿ ਰੂਸ ਨੇ ਪਿਛਲੇ ਮਹੀਨੇ ਯੂਕਰੇਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਕੌਮਾਂਤਰੀ ਪੱਧਰ 'ਤੇ ਨਿਖੇਧੀ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।