Blast in Peshawar Mosque: ਪੇਸ਼ਾਵਰ ਦੀ ਮਸਜਿਦ 'ਚ ਧਮਾਕਾ, 46 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ
Blast in Peshawar Mosque: ਪੇਸ਼ਾਵਰ 'ਚ ਸ਼ੁੱਕਰਵਾਰ ਨੂੰ ਕਿੱਸਾ ਖਵਾਨੀ ਬਾਜ਼ਾਰ ਖੇਤਰ ਦੇ ਨੇੜੇ ਸਥਿਤ ਇੱਕ ਮਸਜਿਦ 'ਚ ਹੋਏ ਧਮਾਕੇ 'ਚ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ।
Blast in Peshawar Mosque: ਪੇਸ਼ਾਵਰ 'ਚ ਸ਼ੁੱਕਰਵਾਰ ਨੂੰ ਕਿੱਸਾ ਖਵਾਨੀ ਬਾਜ਼ਾਰ ਖੇਤਰ ਦੇ ਨੇੜੇ ਸਥਿਤ ਇੱਕ ਮਸਜਿਦ 'ਚ ਹੋਏ ਧਮਾਕੇ 'ਚ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਵੱਡੇ ਅੱਤਵਾਦੀ ਹਮਲੇ ਦੀ ਸੂਚਨਾ ਮਿਲਦੇ ਹੀ ਪਾਕਿਸਤਾਨ ਦੀਆਂ ਸਾਰੀਆਂ ਰਾਹਤ ਟੀਮਾਂ ਮੌਕੇ 'ਤੇ ਰਵਾਨਾ ਹੋ ਗਈਆਂ ਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹੁਣ ਵੀ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਸੀਸੀਪੀਓ ਪੇਸ਼ਾਵਰ ਅਨੁਸਾਰ ਕੋਚਾ ਰਿਸਾਲਦਾਰ ਸਥਿਤ ਇਮਾਮਬਰਗਾਹ 'ਤੇ ਪੁਲਿਸ ਸੁਰੱਖਿਆ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਮਲਾਵਰਾਂ ਨੇ ਦੋ ਪੁਲਿਸ ਗਾਰਡਾਂ ਨੂੰ ਗੋਲੀ ਮਾਰ ਦਿੱਤੀ ਤੇ ਇਸ ਦੇ ਤੁਰੰਤ ਬਾਅਦ ਵਿਸਫੋਟ ਨਾਲ ਕੰਪਲੈਕਸ ਵਿੱਚ ਦਾਖਲ ਹੋ ਗਏ। ਅਧਿਕਾਰੀਆਂ ਨੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ ਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਨੇੜਲੇ ਮੈਡੀਕਲ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ।
ਧਮਾਕੇ ਤੋਂ ਤੁਰੰਤ ਬਾਅਦ ਅਧਿਕਾਰੀਆਂ ਦੀ ਵੱਡੀ ਟੁਕੜੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਤੇ ਇਲਾਕੇ ਨੂੰ ਘੇਰ ਲਿਆ। ਬੰਬ ਨਿਰੋਧਕ ਦਸਤੇ ਨੇ ਵੀ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪੁਲਿਸ ਤੇ ਰਾਹਤ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਆਸਪਾਸ ਮੌਜੂਦ ਲੋਕਾਂ ਨੇ ਜ਼ਖਮੀਆਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਬਾਈਕ ਤੇ ਕਾਰਾਂ 'ਚ ਹਸਪਤਾਲ ਪਹੁੰਚਾਇਆ।
ਪੇਸ਼ਾਵਰ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੌਕੇ ਤੋਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੱਡਾ ਅੱਤਵਾਦੀ ਹਮਲਾ ਕਿਸ ਸੰਗਠਨ ਨੇ ਕੀਤਾ ਹੈ। ਫਿਲਹਾਲ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ ਤੇ ਹੋਰ ਥਾਵਾਂ 'ਤੇ ਸਾਵਧਾਨੀ ਵਰਤੀ ਜਾ ਰਹੀ ਹੈ।