Covid Vaccine: ਭਾਰਤ ਬਾਇਓਟੈਕ ਨੂੰ ਵੱਡਾ ਝਟਕਾ, ਬ੍ਰਾਜ਼ੀਲ ਨੇ ਸਸਪੈਂਡ ਕੀਤੀ ਕੋਵੈਕਸੀਨ ਡੀਲ
ਸੀਜੀਯੂ ਦੇ ਮੁੱਢਲੇ ਵਿਸ਼ਲੇਸ਼ਣ ਦੇ ਅਨੁਸਾਰ ਇਕਰਾਰਨਾਮੇ 'ਚ ਕੋਈ ਬੇਨਿਯਮੀ ਨਹੀਂ ਹੈ, ਪਰ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਇਹ ਸਮਝੌਤਾ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਨਵੀਂ ਦਿੱਲੀ: ਭਾਰਤ ਦੇ ਕੋਵੈਕਸੀਨ ਟੀਕੇ ਨੂੰ ਬ੍ਰਾਜ਼ੀਲ 'ਚ ਵੱਡਾ ਝਟਕਾ ਲੱਗਿਆ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਭਾਰਤ ਬਾਇਓਟੈਕ ਨਾਲ ਹੋਏ ਸਮਝੌਤੇ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਕੰਪਟ੍ਰੋਲਰ ਦੇ ਦਫ਼ਤਰ ਦੀ ਸਿਫਾਰਸ਼ 'ਤੇ ਕੋਵੈਕਸੀਨ ਲਈ ਇਕਰਾਰਨਾਮੇ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਫੈਡਰਲ ਸਰਕਾਰ ਨੇ ਟੀਕੇ ਲਈ ਭੁਗਤਾਨ ਨਹੀਂ ਕੀਤਾ: ਬ੍ਰਾਜ਼ੀਲ ਦੇ ਰਾਸ਼ਟਰਪਤੀ
ਸੀਜੀਯੂ ਦੇ ਮੁੱਢਲੇ ਵਿਸ਼ਲੇਸ਼ਣ ਦੇ ਅਨੁਸਾਰ ਇਕਰਾਰਨਾਮੇ 'ਚ ਕੋਈ ਬੇਨਿਯਮੀ ਨਹੀਂ ਹੈ, ਪਰ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਇਹ ਸਮਝੌਤਾ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਟੀਕੇ ਨੂੰ ਹੁਣ ਤਕ ਬ੍ਰਾਜ਼ੀਲ ਦੀ ਸਿਹਤ ਰੈਗੂਲੇਟਰੀ ਏਜੰਸੀ ANVISA ਦੀ ਮਨਜ਼ੂਰੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਪਸੇਨਾਰੋ ਨੇ ਇਕ ਸਪਸ਼ਟੀਕਰਨ 'ਚ ਕਿਹਾ ਸੀ ਕਿ ਫ਼ੈਡਰਲ ਸਰਕਾਰ ਨੇ ਕੋਵੈਕਸੀਨ ਟੀਕੇ ਲਈ ਕੋਈ ਭੁਗਤਾਨ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ 'ਚ ਇਹ ਇਲਜ਼ਾਮ ਲੱਗ ਰਹੇ ਹਨ ਕਿ ਬੋਲਸੇਨਾਰੋ ਸਰਕਾਰ ਨੇ ਟੀਕੇ ਨੂੰ ਵੱਧ ਕੀਮਤ 'ਤੇ ਖਰੀਦਣ ਦਾ ਫ਼ੈਸਲਾ ਕੀਤਾ, ਜਦਕਿ ਇਸ ਤੋਂ ਘੱਟ ਕੀਮਤ ਵਾਲੇ ਆਪਸ਼ਨ ਮੌਜੂਦ ਸਨ। ਲੋਕਾਂ ਦੇ ਪ੍ਰਤੀਨਿਧੀ ਲੂਈਸ ਮਿਰਾਂਡਾ ਅਤੇ ਉਨ੍ਹਾਂ ਦੇ ਭਰਾ ਲੂਈਸ ਰਿਕਾਰਡੋ ਮਿਰਾਂਡਾ ਨੇ ਇਸ ਮਾਮਲੇ ਬਾਰੇ ਇਕ ਸੰਸਦੀ ਪੈਨਲ ਅੱਗੇ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਇਕ ਸਾਬਕਾ ਕਰਮਚਾਰੀ ਨੇ ਇਹ ਵੀ ਦੋਸ਼ ਲਾਇਆ ਕਿ ਉਸ 'ਤੇ ਦਬਾਅ ਪਾਇਆ ਗਿਆ ਸੀ ਕਿ ਉਹ ਇਸ ਸੌਦੇ ਨੂੰ ਉੱਚ ਕੀਮਤ 'ਤੇ ਖਰੀਦਣ ਲਈ ਦਬਾਅ ਬਣਾਇਆ ਗਿਆ।
ਫ਼ਰਵਰੀ 2021 'ਚ ਹੋਇਆ ਸੀ 2 ਕਰੋੜ ਟੀਕੇ ਖਰੀਦਣ ਲਈ ਸਮਝੌਤਾ
ਬ੍ਰਾਜ਼ੀਲ ਨੇ ਫ਼ਰਵਰੀ 2021 'ਚ ਭਾਰਤ ਬਾਇਓਟੈਕ ਕੰਪਨੀ ਨਾਲ 2 ਕਰੋੜ ਕੋਵੈਕਸੀਨ ਟੀਕੇ ਖਰੀਦਣ ਦਾ ਸਮਝੌਤਾ ਕੀਤਾ ਸੀ। ਇਸ ਦੇ ਲਈ ਬ੍ਰਾਜੀਲ ਨੂੰ ਲਗਪਗ 2400 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ। ਇਸ ਸੌਦੇ 'ਚ ਬ੍ਰਾਜੀਲ ਦੀ ਕੰਪਨੀ ਪ੍ਰੇਸਿਸਾ ਮੇਡਿਕਾਮੇਂਟੋਸ ਵੀ ਭਾਈਵਾਲ ਹੈ। ਹਾਲਾਂਕਿ ਬ੍ਰਾਜ਼ੀਲ 'ਚ ਭਾਰਤੀ ਕੋਵੈਕਸੀਨ ਟੀਕੇ ਦੀ ਸਪਲਾਈ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਚੱਲ ਰਹੀ ਹੈ। ਮਹੀਨਿਆਂ ਦੀ ਮਿਹਨਤ ਅਤੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਦੇ ਬਾਵਜੂਦ ANVISA ਨੇ ਕੋਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ। ਅਜਿਹੀ ਸਥਿਤੀ 'ਚ ਇਸ ਸੌਦੇ ਨੂੰ ਫੇਲ ਕਰਵਾਉਣ 'ਚ ਪਰਦੇ ਪਿੱਛੇ ਮੁਕਾਬਲੇਬਾਜ਼ ਵੈਕਸੀਨ ਦਾਅਵੇਦਾਰਾਂ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਸਰਕਾਰ ਨੇ 50 ਸਾਲ ਬਾਅਦ ਬਦਲਿਆ ਪੈਨਸ਼ਨ ਨਾਲ ਜੁੜਿਆ ਨਿਯਮ, ਜਾਣੋ ਹੁਣ ਤੁਹਾਡੇ 'ਤੇ ਕੀ ਅਸਰ ਪਵੇਗਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin