ਪੰਜਾਬੀਆਂ ਲਈ ਖੁਸ਼ਖਬਰੀ! ਇਸ ਸਾਲ 4.01 ਲੱਖ ਪ੍ਰਵਾਸੀਆਂ ਨੂੰ ਕੈਨੇਡਾ ’ਚ ਮਿਲੇਗੀ ਰਿਕਾਰਡ ‘ਐਕਸਪ੍ਰੈੱਸ ਐਂਟਰੀ’
ਕੋਵਿਡ-19 ਕਾਰਣ ਹਾਲੇ ਕੁਝ ਪਾਬੰਦੀਆਂ ਲਾਗੂ ਹਨ, ਜਿਸ ਕਰਕੇ ਪ੍ਰਵਾਸੀਆਂ ਦੀ ਆਮਦ ਉੱਤੇ ਕਾਫ਼ੀ ਹੱਦ ਤੱਕ ਰੋਕ ਵੀ ਲੱਗੀ ਹੋਈ ਹੈ। ਇਹ ਕੋਰੋਨਾ ਪਾਬੰਦੀਆਂ ਮਾਰਚ 2020 ਤੋਂ ਲੱਗੀਆਂ ਹੋਈਆਂ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਸਾਲ 2021 ਦੀ ਪਹਿਲੀ ਤਿਮਾਹੀ ਦੇ ਸਰਕਾਰੀ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਇਸ ਰਿਪੋਰਟ ਅਨੁਸਾਰ ਇਸ ਸਾਲ ਦੌਰਾਨ ਕੁੱਲ 4 ਲੱਖ 1 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ’ਚ ਐਕਸਪ੍ਰੈੱਸ ਐਂਟਰੀ ਮਿਲੇਗੀ। ਇਸ ਰਿਪੋਰਟ ਦੇ ਅੰਕੜੇ ਵੇਖ ਕੇ ਭਾਰਤੀਆਂ, ਖ਼ਾਸ ਕਰ ਕੇ ਕੈਨੇਡਾ ਪੁੱਜਣ ਦੇ ਚਾਹਵਾਨ ਪੰਜਾਬੀਆਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਰਿਪੋਰਟ ਮੁਤਾਬਕ ਕੈਨੇਡਾ ਨੇ ਪਹਿਲੀ ਤਿਮਾਹੀ ਦੌਰਾਨ 44,124 ਪ੍ਰਵਾਸੀਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਸਾਲ 2015 ’ਚ ਇਹ ‘ਐਕਸਪ੍ਰੈੱਸ ਐਂਟਰੀ ਵੀਜ਼ਾ’ ਸ਼ੁਰੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਵਾਰ ਦੇ ਅੰਕੜੇ ਸਭ ਤੋਂ ਵੱਧ ਹਨ।
ਕੋਵਿਡ-19 ਕਾਰਣ ਹਾਲੇ ਕੁਝ ਪਾਬੰਦੀਆਂ ਲਾਗੂ ਹਨ, ਜਿਸ ਕਰਕੇ ਪ੍ਰਵਾਸੀਆਂ ਦੀ ਆਮਦ ਉੱਤੇ ਕਾਫ਼ੀ ਹੱਦ ਤੱਕ ਰੋਕ ਵੀ ਲੱਗੀ ਹੋਈ ਹੈ। ਇਹ ਕੋਰੋਨਾ ਪਾਬੰਦੀਆਂ ਮਾਰਚ 2020 ਤੋਂ ਲੱਗੀਆਂ ਹੋਈਆਂ ਹਨ। ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ’ਚ ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਦੇ ਮੁਖੀ ਅਵਨੀਸ਼ ਜੌਲੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ਼ ਕੈਨੇਡੀਅਨ ਨਾਗਰਿਕਾਂ ਤੇ ਪੀ-ਆਰ ਪ੍ਰਾਪਤ ਨਿਵਾਸੀਆਂ, ਕੁਝ ਅਸਥਾਈ ਵਿਦੇਸ਼ੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੇ ਸਕੇ ਰਿਸ਼ਤੇਦਾਰ ਹੀ ਹੁਣ ਕੈਨੇਡਾ ਆ ਸਕਦੇ ਹਨ। ਕੋਵਿਡ ਪਾਬੰਦੀਆਂ ਹਟਣ ਤੋਂ ਬਾਅਦ ਸਭ ਕੁਝ ਖੁੱਲ੍ਹ ਜਾਵੇਗਾ।
ਅਵਨੀਸ਼ ਜੌਲੀ ਨੇ ਦੱਸਿਆ ਕਿ ਨੂਨਾਵਤ ਤੇ ਕਿਊਬੈਕ ਨੂੰ ਛੱਡ ਕੇ ਕੈਨੇਡਾ ਦੇ ਹਰੇਕ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਆਪਣਾ ਇੱਕ ‘ਪ੍ਰੋਵਿੰਸੀਅਲ ਨੌਮਿਨੀ ਪ੍ਰੋਗਰਾਮ’ ਚੱਲ ਰਿਹਾ ਹੈ। ਇਸੇ ਪ੍ਰੋਗਰਾਮ ਰਾਹੀਂ ਰਾਜਾਂ ਵਿੱਚ ਹੁਨਰਮੰਦ ਪ੍ਰਵਾਸੀ ਕਾਮਿਆਂ ਨੂੰ ਦਾਖ਼ਲਾ ਮਿਲ ਸਕਦਾ ਹੈ। ਇਹ ਪ੍ਰੋਗਰਾਮ ਇਨ੍ਹਾਂ ਰਾਜਾਂ ਦੇ ਵਿਕਾਸ ਵਿੱਚ ਸਹਾਈ ਹੁੰਦਾ ਹੈ।
ਚੰਡੀਗੜ੍ਹ ਦੇ ਜੰਮਪਲ ਸੌਲੀਸਿਟਰ ਅਵਨੀਸ਼ ਜੌਲੀ ਨੇ ਇਹ ਵੀ ਕਿਹਾ ਕਿ ਐਕਸਪ੍ਰੈੱਸ-ਐਂਟਰੀ ਵੀਜ਼ਾ ਦੀ ਗਿਣਤੀ ਵਧਣ ਦਾ ਫ਼ਾਇਦਾ ਯਕੀਨੀ ਤੌਰ ’ਤੇ ਕੈਨੇਡਾ ਆਉਣ ਦੇ ਚਾਹਵਾਨ ਪੰਜਾਬੀਆਂ ਨੂੰ ਵੱਡੀ ਗਿਣਤੀ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਆਉਂਦੇ ਸਾਰ ਹੀ ਪੰਜਾਬੀਆਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ ਕਿਉਂਕਿ ਹੁਣ ਉਨ੍ਹਾਂ ਨੂੰ ਵੱਧ ਗਿਣਤੀ ’ਚ ਕੈਨੇਡਾ ਆਉਣ ਦਾ ਮੌਕਾ ਮਿਲ ਸਕੇਗਾ।
ਦੱਸ ਦੇਈਏ ਕਿ ਸਾਲ 2020 ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਨੇ 22,600 ਪ੍ਰਵਾਸੀਆਂ ਨੂੰ ਐਕਸਪ੍ਰੈੱਸ ਐਂਟਰੀ ਦਿੱਤੀ ਸੀ। ਇਸ ਵਰ੍ਹੇ ਇਹ ਗਿਣਤੀ ਲਗਭਗ ਦੁੱਗਣੀ ਹੋ ਚੁੱਕੀ ਹੈ। ਕੈਨੇਡਾ ਸਰਕਾਰ ਨੇ ਐਕਸਪ੍ਰੈੱਸ ਐਂਟਰੀ ਲਈ ਪਿਛਲੀ ਵਾਰ 13 ਫ਼ਰਵਰੀ ਨੂੰ ਡ੍ਰਾੱਅ ਕੱਢਿਆ ਸੀ। ਕੈਨੇਡਾ ’ਚ ਹੁਣ ਕੋਵਿਡ-19 ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਕੁਝ ਪਾਬੰਦੀਆਂ ਹਟਣ ਦੀ ਆਸ ਬਣੀ ਹੋਈ ਹੈ।