ਖਾਲਿਸਤਾਨੀ ਹਰਦੀਪ ਨਿੱਝਰ ਦੀ ਬਰਸੀ 'ਤੇ ਕੈਨੇਡਾ ਦੀ ਪਾਰਲੀਮੈਂਟ 'ਚ ਧਾਰਿਆ ਗਿਆ ਮੌਨ
ਕੈਨੇਡਾ ਦੀ ਪਾਰਲੀਮੈਂਟ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਯਾਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿੱਝਰ ਦੀ ਮੌਤ ਦੇ ਇਕ ਸਾਲ ਪੂਰੇ ਹੋਣ 'ਤੇ ਸੰਸਦ 'ਚ ਮੌਨ ਧਾਰਿਆ ਗਿਆ।
Canada Parliament: ਕੈਨੇਡਾ ਦੀ ਪਾਰਲੀਮੈਂਟ ਵਿੱਚ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਯਾਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿੱਝਰ ਦੀ ਮੌਤ ਦੇ ਇੱਕ ਸਾਲ ਪੂਰੇ ਹੋਣ 'ਤੇ ਸੰਸਦ 'ਚ ਮੌਨ ਧਾਰਿਆ ਗਿਆ। ਖਾਸ ਗੱਲ ਇਹ ਹੈ ਕਿ ਇਹ ਸਭ ਕੁਝ ਅਜਿਹੇ ਸਮੇਂ 'ਚ ਹੋਇਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਨਾਲ ਗੱਲਬਾਤ ਲਈ 'ਮੌਕੇ' ਦੇਖਣ ਦੀ ਗੱਲ ਕਹੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸੰਮੇਲਨ ਵਿੱਚ ਆਪਣੇ ਕੈਨੇਡੀਅਨ ਹਮਰੁਤਬਾ ਟਰੂਡੋ ਨੂੰ ਮਿਲੇ ਸਨ।
ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੰਗਲਵਾਰ ਨੂੰ ਮੌਨ ਧਾਰਿਆ ਗਿਆ। ਮੰਗਲਵਾਰ ਨੂੰ ਹੀ ਵੈਨਕੂਵਰ ਸਥਿਤ ਭਾਰਤੀ ਵਣਜ ਦੂਤਘਰ ਦੇ ਬਾਹਰ ਵੱਡੀ ਭੀੜ ਇਕੱਠੀ ਹੋਈ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ SFJ ਯਾਨੀ ਸਿੱਖਸ ਫਾਰ ਜਸਟਿਸ ਦੇ ਸੱਦੇ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਕ ਟਰਾਇਲ ਚਲਾਇਆ ਗਿਆ। SFJ ਦੇ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ, 'ਕੈਨੇਡੀਅਨ ਨਿਆਂ ਤੋਂ ਬਚਣ ਵਾਲੇ ਭਾਰਤੀ ਮੰਤਰੀਆਂ ਤੇ ਡਿਪਲੋਮੈਟਾਂ ਨੂੰ ਨਿਸ਼ਚਿਤ ਤੌਰ 'ਤੇ ਖਾਲਸਾ ਜਸਟਿਸ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਖਾਲਿਸਤਾਨ ਪੱਖੀ ਸਿੱਖ ਨਿੱਝਰ ਦੇ ਕਾਤਲਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਫੜਨਗੇ।'
ਪਿਛਲੇ ਸਾਲ 18 ਜੂਨ ਨੂੰ ਨਿੱਝਰ ਦੀ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੈਨੇਡਾ ਦੇ ਸਰੀ 'ਚ ਹੋਏ ਇਸ ਕਤਲ ਦੀ ਜਾਂਚ ਜਾਰੀ ਹੈ। ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦਾ ਮੁਖੀ ਸੀ। ਖਾਸ ਗੱਲ ਇਹ ਹੈ ਕਿ ਕੈਨੇਡਾ ਸਰਕਾਰ ਨੇ ਇਸ ਕਤਲੇਆਮ ਵਿੱਚ ਭਾਰਤ ਸਰਕਾਰ ਦੇ ਸ਼ਾਮਲ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ।
ਪੰਨੂ ਨੇ 23 ਜੂਨ ਤੋਂ ਏਅਰ ਇੰਡੀਆ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਹੈ। ਖਾਸ ਗੱਲ ਇਹ ਹੈ ਕਿ 39 ਸਾਲ ਪਹਿਲਾਂ ਖਾਲਿਸਤਾਨੀਆਂ ਨੇ ਕਨਿਸ਼ਕਾ ਬੰਬ ਧਮਾਕਾ ਕੀਤਾ ਸੀ। ਇਸ ਘਟਨਾ ਵਿੱਚ 86 ਬੱਚਿਆਂ ਸਮੇਤ 329 ਲੋਕਾਂ ਦੀ ਮੌਤ ਹੋ ਗਈ ਸੀ। ਵੈਨਕੂਵਰ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਉਸ ਅੱਤਵਾਦੀ ਘਟਨਾ ਦੇ ਮਾਸਟਰਮਾਈਂਡ ਮੰਨੇ ਜਾਂਦੇ ਤਲਵਿੰਦਰ ਸਿੰਘ ਪਰਮਾਰ ਦੀ ਤਸਵੀਰ ਵੀ ਮੌਜੂਦ ਸੀ।