Canada News :ਟਰੂਡੋ ਦੀ ਕੈਬਨਿਟ 'ਚ ਹੋਵੇਗਾ ਵੱਡਾ ਫੇਰ ਬਦਲ, ਕੈਨੇਡਾ ਨੂੰ ਮਿਲਣਗੇ ਨਵੇਂ ਮੰਤਰੀ
Trudeau to shuffle his cabinet : ਜਸਟਿਨ ਟਰੂਡੋ ਨੇ ਆਪਣੇ ਮੰਤਰੀਆਂ ਨੂੰ ਸਾਰੇ ਰੁਝੇਵੇਂ ਛੱਡ ਕੇ ਓਟਾਵਾ ਪਹੁੰਚਣ ਦੇ ਹੁਕਮ ਦੇ ਦਿਤੇ। ਸੀ.ਬੀ. ਸੀ. ਦੀ ਰਿਪੋਰਟ ਮੁਤਾਬਕ ਟਰੂਡੋ ਬੁੱਧਵਾਰ ਨੂੰ...
Ottawa : ਕੈਨੇਡਾ ਦੇ ਸਿਆਸੀ ਹਲਕਿਆਂ ਵਿਚ ਇਕ ਵਾਰ ਫਿਰ ਮੱਧਕਾਲੀ ਚੋਣਾਂ ਦੀ ਚੁੰਜ ਚਰਚਾ ਸ਼ੁਰੂ ਹੋ ਗਈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀਆਂ ਨੂੰ ਸਾਰੇ ਰੁਝੇਵੇਂ ਛੱਡ ਕੇ ਓਟਾਵਾ ਪਹੁੰਚਣ ਦੇ ਹੁਕਮ ਦੇ ਦਿਤੇ। ਸੀ.ਬੀ. ਸੀ. ਦੀ ਰਿਪੋਰਟ ਮੁਤਾਬਕ ਟਰੂਡੋ ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ਵਿਚ ਵੱਡਾ ਫੇਰ-ਬਦਲ ਕਰ ਸਕਦੇ ਹਨ। ਜਿਵੇਂ 2019 ਦੀਆਂ ਚੋਣਾਂ ਤੋਂ ਐਨ ਪਹਿਲਾਂ ਕੀਤਾ ਗਿਆ ਸੀ।
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸਰਵੇਖਣਾਂ ਵਿਚ ਜਸਟਿਨ ਟਰੂਡੋਂ ਨੂੰ ਪਿਛਲੇ 55 ਸਾਲ ਦਾ ਸਭ ਤੋਂ ਨਾਪਸੰਦ ਪ੍ਰਧਾਨ ਮੰਤਰੀ ਦੱਸਿਆ ਜਾ ਰਿਹਾ ਹੈ। ਮੰਤਰੀ ਮੰਡਲ ਵਿਚ ਫੇਰ ਬਦਲ ਦੌਰਾਨ ਕਈ ਮੰਤਰੀਆਂ ਦੀ ਕੁਰਸੀ ਜਾ ਸਕਦੀ ਹੈ ਅਤੇ ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੇ ਆਸਾਰ ਹਨ। ਸੀ.ਬੀ.ਸੀ. ਵਲੋਂ ਸੂਤਰਾਂ ਦੇ ਹਵਾਲੇ ਨਾਲ ਜਾਰੀ ਕੀਤੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਆਪਣੇ ਕੈਬਨਿਟ ਸਾਥੀਆਂ ਨਾਲ ਪਾਈਵੇਟ ਮੀਟਿੰਗਾਂ ਕਰਨਗੇ ਅਤੇ ਮੁਲਾਕਾਤਾਂ ਦਾ ਇਹ ਸਿਲਸਿਲਾ ਆਮ ਤੌਰ 'ਤੇ ਮੰਤਰੀ ਮੰਡਲ ਵਿਚ ਫੇਰ ਬਦਲ ਤੋਂ ਪਹਿਲਾਂ ਹੀ ਹੁੰਦਾ ਹੈ।
ਓਟਾਵਾ ਸੱਦੇ ਗਏ ਮੰਤਰੀਆਂ ਵਿਚ ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ, ਹਾਊਸਿੰਗ ਮਿਨਿਸਟਰ ਅਹਿਮਦ ਹੁਸੈਨ, ਅੰਤਰ ਸਰਕਾਰੀ ਮਾਮਲੇ, ਇਨਫਰਾਸਟ੍ਰਕਚਰ ਅਤੇ ਕਮਿਊਨਿਟੀਜ਼ ਮਾਮਲਿਆਂ ਬਾਰੇ ਮੰਤਰੀ ਡੋਮੀਨਿਕ ਲੀਬਲੈਂਕ ਅਤੇ ਸਰਕਾਰੀ ਭਾਸ਼ਾਵਾਂ ਬਾਰੇ ਮੰਤਰੀ ਗਲੌਟ ਪੈਟੀਪਸ ਟੇਲਰ ਸ਼ਾਮਲ ਹਨ।
ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਹਟਾਏ ਜਾਣ ਦੇ ਚਰਚੇ ਜ਼ੋਰਾਂ 'ਤੇ ਸਨ ਜੋ ਖਤਰਨਾਕ ਮੁਜ਼ਰਮ ਪੇਲ ਬਰਨਾਰਡ ਨੂੰ ਦਰਮਿਆਨੀ ਸੁਰੱਖਿਆ ਵਾਲੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦੇ ਮਸਲੇ 'ਤੇ ਵਿਵਾਦਾਂ ਵਿਚ ਘਿਰ ਗਏ ਸਨ।
ਸਿਰਫ ਐਨਾ ਹੀ ਨਹੀਂ, ਵਿਦੇਸ਼ੀ ਦਖਲ ਨਾਲ ਸਬੰਧਤ ਫਾਈਲ ਅਤੇ ਗੰਨ ਕੰਟਰੋਲ ਕਾਨੂੰਨ ਕਰ ਕੇ ਵੀ ਮਾਰਕੋ ਮੈਂਡੀਚੀਨੋ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਦਿਨ ਪਹਿਲਾਂ ਕਿੰਗਸਟਨ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਦੋਂ ਲੋਕ ਸੁਰੱਖਿਆ ਮੰਤਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੋਲਮੋਲ ਜਵਾਬ ਦਿਤਾ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ 2021 ਦੀਆਂ ਮਧਕਾਲੀ ਚੋਣਾਂ ਮਗਰੋਂ ਪਹਿਲੀ ਵਾਰ ਐਨੇ ਵੱਡੇ ਪੱਧਰ ਤੇ ਮੰਤਰੀ ਬਦਲੇ ਜਾਣਗੇ ਅਤੇ ਬਿਨਾਂ ਸ਼ੱਕ ਇਸ ਕਦਮ ਨੂੰ ਫੈਡਰਲ ਚੋਣਾਂ ਦੀ ਤਿਆਰੀ ਮੰਨਿਆ ਜਾ ਸਕਦਾ ਹੈ।