ਭਾਰਤ ਨਾਲ ਤਣਾਅ ਵਿਚਾਲੇ ਚੀਨ ਦਾ ਵੱਡਾ ਐਕਸ਼ਨ, ਨਵਾਂ ਸਰਹੱਦੀ ਜ਼ਮੀਨ ਕਾਨੂੰਨ ਪਾਸ
ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਤਣਾਅ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ। ਗੁਆਂਢੀ ਮੁਲਕ ਚੀਨ ਨੇ ਸਰਹੱਦੀ ਖੇਤਰਾਂ ਦੀ ਜ਼ਮੀਨ ਨੂੰ ਲੈ ਕੇ ਨਵਾਂ ਕਾਨੂੰਨ ਪਾਸ ਕੀਤਾ ਹੈ।

ਪੇਈਚਿੰਗ: ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਤਣਾਅ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ। ਗੁਆਂਢੀ ਮੁਲਕ ਚੀਨ ਨੇ ਸਰਹੱਦੀ ਖੇਤਰਾਂ ਦੀ ਜ਼ਮੀਨ ਨੂੰ ਲੈ ਕੇ ਨਵਾਂ ਕਾਨੂੰਨ ਪਾਸ ਕੀਤਾ ਹੈ। ਬੇਸ਼ੱਕ ਇਸ ਕਾਨੂੰਨ ਬਾਰੇ ਬਹੁਤਾ ਕੁਝ ਸਪਸ਼ਟ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਸਬੰਧ ਭਾਰਤ ਨਾਲ ਕੁਝ ਖੇਤਰਾਂ ਨੂੰ ਲੈ ਕੇ ਚੱਲ ਰਹੇ ਤਣਾਅ ਨਾਲ ਹੈ।
ਦੱਸ ਦਈਏ ਕਿ ਪੂਰਬੀ ਲੱਦਾਖ ਵਿੱਚ ਸਰਹੱਦ ’ਤੇ ਭਾਰਤ ਤੇ ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ। ਇਸੇ ਦੌਰਾਨ ਨੇ ਸਰਹੱਦੀ ਖੇਤਰਾਂ ਦੀ ਜ਼ਮੀਨ ਨੂੰ ਲੈ ਕੇ ਨਵਾਂ ਕਾਨੂੰਨ ਪਾਸ ਕੀਤਾ ਹੈ। ਮੁਲਕ ਦੇ ਕੌਮੀ ਵਿਧਾਨ ਮੰਡਲ ਨੇ ਕਿਹਾ ਕਿ ਚੀਨ ਦੀ ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ ‘ਪਵਿੱਤਰ ਤੇ ਅਟੁੱਟ’ ਹੈ। ਸਰਕਾਰੀ ਖ਼ਬਰ ਏਜੰਸੀ ਸਿਨਹੁਆ ਨੇ ਕਿਹਾ ਕਿ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਨਿੱਚਰਵਾਰ ਨੂੰ ਪਾਸ ਕੀਤਾ ਕਾਨੂੰਨ ਅਗਲੇ ਸਾਲ ਪਹਿਲੀ ਜਨਵਰੀ ਤੋਂ ਅਮਲ ਵਿੱਚ ਆ ਜਾਵੇਗਾ।
ਕਾਨੂੰਨ ਮੁਤਾਬਕ ਆਪਣੀ ਪ੍ਰਾਦੇਸ਼ਕ ਅਖੰਡਤਾ ਤੇ ਜ਼ਮੀਨੀ ਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਇਸ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਚੀਨ ਵੱਲੋਂ ਜ਼ੋਰਦਾਰ ਢੰਗ ਟਾਕਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਾਨੂੰਨ ਵਿੱਚ ਸਰਹੱਦਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ, ਸਰਹੱਦੀ ਖੇਤਰਾਂ ਵਿੱਚ ਆਰਥਿਕ ਤੇ ਸਮਾਜਿਕ ਵਿਕਾਸ ਲਈ ਹਮਾਇਤ, ਬੁਨਿਆਦੀ ਤੇ ਲੋਕ ਸੇਵਾਵਾਂ ਵਿੱਚ ਸੁਧਾਰ ਤੇ ਸਰਹੱਦੀ ਸੁਰੱਖਿਆ ਤੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਤਾਲਮੇਲ ਲਈ ਹਰ ਸੰਭਵ ਉਪਰਾਲੇ ਕਰਨ ਦੀ ਸ਼ਰਤ ਵੀ ਰੱਖੀ ਗਈ ਹੈ।
ਦੱਸ ਦਈਏ ਕਿ ਭਾਰਤ ਵੱਲ ਚੀਨ ਦਾ ਰੁਖ ਪਿਛਲੇ ਸਮੇਂ ਤੋਂ ਹਮਲਾਵਰ ਹੈ। ਪੂਰਬੀ ਲੱਦਾਖ ਵਿੱਚ ਤਣਾਅ ਚੱਲ਼ ਰਿਹਾ ਹੈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਵਾਲੇ ਪਾਸੇ ਵੀ ਚੀਨ ਨੇ ਸਰਗਰਮੀ ਵਧਾਈ ਹੈ। ਇਸ ਵੀ ਰਿਪੋਰਟਾਂ ਹਨ ਕਿ ਸਰਹੱਦ ਨੇੜੇ ਚੀਨ ਪਿੰਡ ਵਸਾ ਰਿਹਾ ਹੈ। ਅਜਿਹੇ ਵਿੱਚ ਨਵਾਂ ਕਾਨੂੰਨ ਬਣਾਉਣਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।






















