ਭਾਰਤ-ਚੀਨ ਵਿਚਾਲੇ ਫਿਰ ਖੜ੍ਹਾ ਹੋ ਸਕਦਾ ਡੋਕਲਾਮ ਵਿਵਾਦ!
ਨਵੀਂ ਦਿੱਲੀ: ਭਾਰਤੀ ਸੈਨਾ ਦੇ ਦੋ ਸਾਬਕਾ ਕਮਾਡਰਾਂ ਨੇ ਕਿਹਾ ਕਿ ਚੀਨ ਦੀਆਂ ਗਤੀਵਿਧੀਆਂ ਤੋਂ ਲੱਗਦਾ ਹੈ ਕਿ ਭਵਿੱਖ 'ਚ ਡੋਕਲਾਮ ਜਿਹੀਆਂ ਹੋਰ ਘਟਨਾਵਾਂ ਹੋ ਸਕਦੀਆਂ ਹਨ। ਇਸ ਨਾਲ ਨਜਿੱਠਣ ਦੀ ਤਿਆਰੀ ਲਈ ਭਾਰਤੀ ਸੈਨਾ ਨੂੰ ਪ੍ਰਭਾਵਿਤ ਬਾਰਡਰ ਦੇ ਇਲਾਕਿਆਂ 'ਚ ਮਜ਼ਬੂਤੀ ਬਣਾਉਣ ਦੀ ਲੋੜ ਹੈ।
ਡੋਕਲਾਮ 'ਚ ਭਾਰਤ ਤੇ ਚੀਨ ਦਰਮਿਆਨ ਖਿੱਚੋਤਾਣ ਦੌਰਾਨ ਸੈਨਾ ਦੇ ਪੂਰਬੀ ਕਮਾਂਡ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਪ੍ਰਵੀਨ ਬਖਸ਼ੀ ਨੇ ਕਿਹਾ ਕਿ ਉਹ ਸਰਕਾਰ ਦੇ ਆਭਾਰੀ ਹਨ ਕਿਉਂਕਿ ਸਰਕਾਰ ਨੇ ਉਨ੍ਹਾਂ ਨੂੰ ਕਦਮ ਚੁੱਕਣ ਦੀ ਪੂਰੀ ਆਜ਼ਾਦੀ ਦਿੱਤੀ ਸੀ ਜੋ ਚੀਨੀ ਫ਼ੌਜੀਆਂ ਨੂੰ ਰੋਕਣ ਲਈ ਸਹੀ ਫੈਸਲਾ ਰਿਹਾ।
ਪੂਰਬ ਉੱਤਰੀ ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਡੀਐਸ ਹੁੱਡਾ (ਸੇਵਾਮੁਕਤ) ਨੇ ਪਿਛਲੇ ਕੁਝ ਸਾਲਾਂ 'ਚ ਭਾਰਤ ਤੇ ਚੀਨੀ ਸੈਨਿਕਾਂ ਦਰਮਿਆਨ ਡੋਕਲਾਮ, ਚੁਮਾਰ ਤੇ ਡੇਮਚੋਕ ਵਿਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਤਿੰਨੇਂ ਘਟਨਾਵਾਂ ਵੱਖ-ਵੱਖ ਹਨ ਤੇ ਉਨ੍ਹਾਂ ਦੇ ਪਿੱਛੇ ਮਕਸਦ ਵੀ ਵੱਖ-ਵੱਖ ਹੋ ਸਕਦਾ ਹੈ।
73 ਦਿਨ ਚੱਲਿਆ ਸੀ ਡੋਕਲਾਮ ਵਿਵਾਦ:
ਡੋਕਲਾਮ 'ਚ ਉਸ ਸਮੇਂ ਸਥਿਤੀ ਕਾਫੀ ਨਾਜ਼ੁਕ ਹੋ ਗਈ ਸੀ ਜਦੋਂ ਪਿਛਲੇ ਸਾਲ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ 73 ਦਿਨ ਇਕ-ਦੂਜੇ ਸਾਹਮਣੇ ਡਟੀਆਂ ਰਹੀਆਂ ਸਨ। 'ਦ ਟਾਇਮਜ਼ ਆਫ ਇੰਡੀਆ' ਦੀ ਇਕ ਖ਼ਬਰ ਮੁਤਾਬਕ ਚੀਨ ਨੇ ਇੱਥੇ 1.3 ਕਿਲੋਮੀਟਰ ਲੰਬੀ ਸੜਕ ਬਣਾ ਲਈ ਹੈ ਪਰ ਭਾਰਤੀ ਸੈਨਾ ਵੱਲੋਂ ਅਜੇ ਇਸ ਨਵੀਂ ਸੜਕ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਸੂਤਰਾਂ ਮੁਤਾਬਕ ਚੀਨ ਇਹ ਸੜਕ ਦੱਖਣੀ ਡੋਕਲਾਮ ਤੱਕ ਪਹੁੰਚਣ ਲਈ ਇਸਤੇਮਾਲ ਕਰਨੀ ਚਾਹੁੰਦਾ ਹੈ।