'ਜੇ ਤੁਸੀਂ ਸਾਡੇ 'ਤੇ ਹਮਲਾ ਕੀਤਾ ਤਾਂ ਅਮਰੀਕੀ ਫੌਜ ਤੁਹਾਨੂੰ ਕਰ ਦੇਵੇਗੀ ਤਬਾਹ', ਟਰੰਪ ਨੇ ਖਮੇਨੀ ਨੂੰ ਦਿੱਤੀ ਸਿੱਧੀ ਧਮਕੀ
US Threat to Iran: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਕਿਸੇ ਵੀ ਰੂਪ ਵਿੱਚ ਅਮਰੀਕਾ 'ਤੇ ਹਮਲਾ ਕਰਦਾ ਹੈ, ਤਾਂ ਉਸਨੂੰ ਬੇਮਿਸਾਲ ਫੌਜੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

US Threat to Iran: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਈਰਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਈਰਾਨ ਅਮਰੀਕਾ 'ਤੇ ਕਿਸੇ ਵੀ ਤਰ੍ਹਾਂ ਹਮਲਾ ਕਰਦਾ ਹੈ, ਤਾਂ ਅਮਰੀਕੀ ਫੌਜਾਂ ਉਸ ਪੱਧਰ 'ਤੇ ਜਵਾਬੀ ਕਾਰਵਾਈ ਕਰਨਗੀਆਂ ਜੋ ਪਹਿਲਾਂ ਕਦੇ ਨਹੀਂ ਵੇਖੀ ਗਈ। ਟਰੰਪ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਹਮਲੇ ਵਿੱਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਸੀ, ਇਸ ਲਈ ਅਮਰੀਕਾ 'ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਉਨ੍ਹਾਂ ਅੱਗੇ ਲਿਖਿਆ, "ਅਸੀਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਆਸਾਨੀ ਨਾਲ ਇੱਕ ਸਮਝੌਤਾ ਕਰਵਾ ਸਕਦੇ ਹਾਂ ਅਤੇ ਇਸ ਖੂਨੀ ਟਕਰਾਅ ਨੂੰ ਖਤਮ ਕੀਤਾ ਜਾ ਸਕਦਾ ਹੈ।" ਟਰੰਪ ਨੇ ਇਹ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਕਰਦੇ ਹੋਏ ਦਿੱਤਾ।
ਡੋਨਾਲਡ ਟਰੰਪ ਦੀ ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਇਜ਼ਰਾਈਲ ਨੇ ਸ਼ਨੀਵਾਰ ਰਾਤ ਨੂੰ ਈਰਾਨ 'ਤੇ ਵੱਡਾ ਹਵਾਈ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਈਰਾਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਦਫਤਰ, ਪਾਵਰ ਪਲਾਂਟ ਤੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਹਮਲਾ 'ਆਪ੍ਰੇਸ਼ਨ ਰਾਈਜ਼ਿੰਗ ਲਾਇਨ' ਤਹਿਤ ਲਗਾਤਾਰ ਤੀਜੀ ਰਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਇਜ਼ਰਾਈਲੀ ਰੱਖਿਆ ਫੋਰਸ (IDF) ਨੇ ਕਿਹਾ ਕਿ ਤਹਿਰਾਨ ਵਿੱਚ ਉਨ੍ਹਾਂ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਈਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨਾਲ ਸਬੰਧਤ ਸਨ। ਇਨ੍ਹਾਂ ਹਮਲਿਆਂ ਤੋਂ ਬਾਅਦ, ਯਰੂਸ਼ਲਮ ਅਤੇ ਤੇਲ ਅਵੀਵ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ।
ਟਰੰਪ ਦੇ ਬਿਆਨ ਤੋਂ ਕੁਝ ਘੰਟੇ ਪਹਿਲਾਂ, ਈਰਾਨ ਨੇ ਓਮਾਨ ਵਿੱਚ ਅਮਰੀਕਾ ਨਾਲ ਯੋਜਨਾਬੱਧ ਪ੍ਰਮਾਣੂ ਗੱਲਬਾਤ ਰੱਦ ਕਰ ਦਿੱਤੀ। ਟਰੰਪ ਨੇ ਸ਼ੁੱਕਰਵਾਰ ਨੂੰ ਈਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਅਮਰੀਕਾ ਨਾਲ ਸਮਝੌਤੇ 'ਤੇ ਪਹੁੰਚਣ ਦੀ ਅਪੀਲ ਕੀਤੀ ਸੀ।
ਦੂਜੇ ਪਾਸੇ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਤੇ ਡਰੋਨਾਂ ਨੇ ਇਜ਼ਰਾਈਲ ਦੇ ਊਰਜਾ ਪ੍ਰਣਾਲੀ ਅਤੇ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਲੜਾਕੂ ਜਹਾਜ਼ਾਂ ਲਈ ਬਾਲਣ ਤਿਆਰ ਕੀਤਾ ਜਾਂਦਾ ਹੈ। ਇਹ ਜਵਾਬੀ ਹਮਲਾ ਇਜ਼ਰਾਈਲ ਦੇ ਤਾਜ਼ਾ ਹਮਲੇ ਤੋਂ ਬਾਅਦ ਹੋਇਆ ਹੈ, ਜਿਸ ਨਾਲ ਪੱਛਮੀ ਏਸ਼ੀਆ ਵਿੱਚ ਤਣਾਅ ਹੋਰ ਵਧ ਗਿਆ ਹੈ।
ਈਰਾਨ ਨੇ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ, ਤਾਂ ਉਨ੍ਹਾਂ ਦੇ ਫੌਜੀ ਠਿਕਾਣਿਆਂ ਅਤੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਚੇਤਾਵਨੀ ਨੂੰ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਚੱਲ ਰਹੀ ਪਹਿਲਾਂ ਤੋਂ ਹੀ ਖੂਨੀ ਜੰਗ ਨੂੰ ਹੋਰ ਵਧਾਉਣ ਦੇ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਹੈ।






















