ਬ੍ਰੇਕਿੰਗ! ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 41 ਲੋਕਾਂ ਦੀ ਮੌਤ, 14 ਜ਼ਖਮੀ
Cairo church Fire: ਮਿਸਰ ਦੇ ਇੱਕ ਚਰਚ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਭਗਦੜ ਮੱਚ ਗਈ। ਇਸ ਹਾਦਸੇ ਵਿੱਚ 41 ਲੋਕਾਂ ਦੀ ਮੌਤ ਹੋ ਗਈ ਹੈ।
Cairo church Fire: ਮਿਸਰ ਦੇ ਇੱਕ ਚਰਚ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਭਗਦੜ ਮੱਚ ਗਈ। ਇਸ ਹਾਦਸੇ ਵਿੱਚ 41 ਲੋਕਾਂ ਦੀ ਮੌਤ ਹੋ ਗਈ ਹੈ। ਮਿਸਰ ਦੇ ਕੋਪਟਿਕ ਚਰਚ ਦਾ ਕਹਿਣਾ ਹੈ ਕਿ ਕਾਹਿਰਾ ਵਿੱਚ ਇੱਕ ਚਰਚ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 41 ਲੋਕ ਮਾਰੇ ਗਏ ਹਨ ਅਤੇ 14 ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਲਈ ਸਿਹਤ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਅੱਗ ਇਮਬਾਬਾ ਦੇ ਸੰਘਣੀ ਆਬਾਦੀ ਵਾਲੇ ਖੇਤਰ ਅਬੂ ਸੇਫੀਨ ਚਰਚ ਤੋਂ ਸ਼ੁਰੂ ਹੋਈ।
ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਬਿਜਲੀ ਦਾ ਸ਼ਾਰਟ ਸਰਕਟ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗ ਐਤਵਾਰ ਸਵੇਰੇ ਉਦੋਂ ਲੱਗੀ ਜਦੋਂ ਮੀਟਿੰਗ ਚੱਲ ਰਹੀ ਸੀ। ਅੱਗ 'ਤੇ ਕਾਬੂ ਪਾਉਣ ਲਈ 15 ਫਾਇਰ ਟੈਂਡਰ ਮੌਕੇ 'ਤੇ ਰਵਾਨਾ ਕੀਤੇ ਗਏ ਹਨ ਜਦਕਿ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਨੇੜਲੇ ਹਸਪਤਾਲਾਂ 'ਚ ਪਹੁੰਚਾਇਆ ਗਿਆ ਹੈ। ਅੱਗ ਬੁਝਾਊ ਅਮਲੇ ਨੇ ਬਾਅਦ 'ਚ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਰਾਸ਼ਟਰਪਤੀ ਨੇ ਸ਼ੋਕ ਪ੍ਰਗਟ ਕੀਤਾ
ਰਾਸ਼ਟਰਪਤੀ ਦੇ ਦਫਤਰ ਨੇ ਕਿਹਾ ਕਿ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਕਪਟਿਕ ਕ੍ਰਿਸ਼ਚੀਅਨ ਪੋਪ ਤਾਵਾਦਰੋਸ II ਨਾਲ ਫੋਨ 'ਤੇ ਗੱਲ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅਲ-ਸੀਸੀ ਨੇ ਫੇਸਬੁੱਕ 'ਤੇ ਲਿਖਿਆ, "ਮੈਂ ਇਸ ਦੁਖਦਾਈ ਹਾਦਸੇ ਦੇ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਮੈਂ ਸਾਰੀਆਂ ਸਬੰਧਤ ਰਾਜ ਏਜੰਸੀਆਂ ਅਤੇ ਸੰਸਥਾਵਾਂ ਨੂੰ ਸਾਰੇ ਜ਼ਰੂਰੀ ਉਪਾਅ ਕਰਨ ਅਤੇ ਇਸ ਹਾਦਸੇ ਅਤੇ ਇਸ ਦੇ ਪ੍ਰਭਾਵਾਂ ਨਾਲ ਤੁਰੰਤ ਨਜਿੱਠਣ ਲਈ ਨਿਰਦੇਸ਼ ਦਿੱਤਾ ਹੈ।"
ਕੌਣ ਹਨ ਕੌਪਟਿਕ ਈਸਾਈ ?
ਕਾਪਟਿਕ ਈਸਾਈ ਮੱਧ ਪੂਰਬ ਵਿੱਚ ਸਭ ਤੋਂ ਵੱਡਾ ਈਸਾਈ ਭਾਈਚਾਰਾ ਹੈ, ਜੋ ਕਿ ਮਿਸਰ ਦੇ 103 ਮਿਲੀਅਨ ਲੋਕਾਂ ਵਿੱਚੋਂ ਘੱਟੋ-ਘੱਟ 10 ਮਿਲੀਅਨ ਹੈ। ਕਾਪਟਿਕ ਈਸਾਈਆਂ ਨੇ ਇੱਥੇ ਹਮਲਿਆਂ ਦਾ ਸਾਹਮਣਾ ਕੀਤਾ ਹੈ ਅਤੇ ਇਸ ਬਹੁਗਿਣਤੀ ਮੁਸਲਿਮ ਉੱਤਰੀ ਅਫਰੀਕੀ ਦੇਸ਼ ਵਿੱਚ ਲੰਬੇ ਸਮੇਂ ਤੋਂ ਵਿਤਕਰੇ ਦੀ ਸ਼ਿਕਾਇਤ ਕੀਤੀ ਹੈ।
ਮਿਸਰ ਨੇ ਹਾਲ ਹੀ ਦੇ ਸਾਲਾਂ ਵਿੱਚ ਕਈ ਭਿਆਨਕ ਅੱਗ ਹਾਦਸਿਆਂ ਦਾ ਸਾਹਮਣਾ ਕੀਤਾ ਹੈ। ਮਾਰਚ 2021 ਵਿੱਚ, ਕਾਹਿਰਾ ਦੇ ਪੂਰਬੀ ਉਪਨਗਰ ਵਿੱਚ ਇੱਕ ਕੱਪੜਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 20 ਲੋਕ ਮਾਰੇ ਗਏ ਸਨ। 2020 ਵਿੱਚ, ਦੋ ਹਸਪਤਾਲਾਂ ਵਿੱਚ ਅੱਗ ਲੱਗਣ ਕਾਰਨ 14 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।