ਇਸ ਦੇਸ਼ ਵਿੱਚ ਭੰਗ ਲੈ ਕੇ ਜਾਣਾ ਹੋਇਆ ਕਾਨੂੰਨੀ , ਭੰਗ ਦੀ ਖੇਤੀ ਕਰਨ ਦੀ ਵੀ ਦਿੱਤੀ ਇਜਾਜ਼ਤ
Germany To Allow Adults To Carry Cannabis: ਜਰਮਨੀ ਵਿੱਚ ਕੈਨਾਬਿਸ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕ 25 ਗ੍ਰਾਮ ਤੱਕ ਕੈਨਾਬਿਸ ਘਰ ਲੈ ਜਾ ਸਕਦੇ ਹਨ।
Cannabis Become Legal In Germany: ਜਰਮਨੀ ਨੇ 1 ਅਪ੍ਰੈਲ ਤੋਂ ਭੰਗ ਨੂੰ ਕਾਨੂੰਨੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਇਹ ਦੇਸ਼ ਯੂਰਪ ਦਾ ਸਭ ਤੋਂ ਪਹਿਲਾਂ ਦੇਸ਼ ਬਣ ਗਿਆ ਹੈ ਜਿਸ ਨੇ ਭੰਗ ਨੂੰ ਕਾਨੂੰਨੀ ਕਰ ਦਿੱਤਾ ਹੈ। ਜਰਮਨੀ ਦੇ ਨਵੇਂ ਕਾਨੂੰਨ ਤਹਿਤ ਹੁਣ 18 ਸਾਲ ਤੋਂ ਉੱਤੇ ਦੇ ਲੋਕ 25 ਗ੍ਰਾਮ ਤੱਕ ਸੁੱਕੀ ਭੰਗ ਨਾਲ ਲਜਾ ਸਕਦੇ ਹਨ। ਇਸ ਦੇ ਨਾਲ ਹੀ ਦੇਸ਼ ਦੇ ਲੋਕਾਂ ਨੂੰ ਭੰਗ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਦੇਸ਼ ਦੇ ਵਿਰੋਧੀ ਲੀਡਰਾਂ ਤੇ ਹੋਰ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਵੀ ਇਸ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ।
ਦੇਸ਼ ਵਿੱਚ ਖ਼ੁਸ਼ੀ ਦਾ ਮਾਹੌਲ
ਜਿਵੇਂ ਹੀ ਦੇਸ਼ ਵਿੱਚ ਇਹ ਕਾਨੂੰਨ ਲਾਗੂ ਹੋਇਆ ਉਵੇਂ ਹੀ ਦੇਸ਼ ਦੇ ਸੈਕੜੇ ਲੋਕ ਬਰਲਿਨ ਦੇ ਬਰੈਂਡਨਬਰਗ ਗੇਟ ਤੇ ਪਹੁੰਚੇ ਤੇ ਇਨ੍ਹਾਂ ਵਿੱਚੋਂ ਕਈ ਲੋਕਾਂ ਨੇ ਜੁਆਂਇਟ ਪੀ ਕੇ ਖ਼ੁਸ਼ੀ ਮਨਾਈ। ਇਸ ਮੌਕੇ ਇੱਕ ਨੌਜਵਾਨ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ਕਿ ਸਾਨੂੰ ਇਹ ਆਜ਼ਾਦੀ ਮਿਲੀ ਹੈ। 1 ਜੁਲਾਈ ਤੋਂ ਦੇਸ਼ ਦੇ ਕੈਨਾਬਿਸ ਕਲੱਬਾਂ ਵਿੱਚ ਭੰਗ ਪੂਰੀ ਤਰ੍ਹਾਂ ਨਾਲ ਕਾਨੂੰਨੀ ਤੌਰ 'ਤੇ ਉਪਲਬਧ ਹੋਵੇਗੀ। ਹਰੇਕ ਕਲੱਬ ਵਿੱਚ 500 ਮੈਂਬਰ ਹੋ ਸਕਦੇ ਹਨ ਅਤੇ ਹਰੇਕ ਵਿਅਕਤੀ 50 ਗ੍ਰਾਮ ਤੱਕ ਗਾਂਜਾ ਵੰਡ ਸਕਦਾ ਹੈ।
ਨਵੇਂ ਕਾਨੂੰਨ ਨੂੰ ਲਾਗੂ ਕਰਕੇ, ਸਰਕਾਰ ਬਲੈਕ ਮਾਰਕੀਟਿੰਗ ਨੂੰ ਰੋਕਣਾ ਅਤੇ ਦੂਸ਼ਿਤ ਭੰਗ ਦਾ ਸੇਵਨ ਕਰਨ ਵਾਲਿਆਂ ਨੂੰ ਬਚਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸਿਹਤ ਸਮੂਹਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਕਾਨੂੰਨ ਨੌਜਵਾਨਾਂ ਵਿੱਚ ਇਸਦੀ ਵਰਤੋਂ ਵਧਾ ਸਕਦਾ ਹੈ ਅਤੇ ਉਨ੍ਹਾਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਸਕਦਾ ਹੈ। ਦੇਸ਼ ਦੇ ਸਿਹਤ ਮੰਤਰੀ ਕਾਰਲ ਲੌਟਰਬਾਕ ਨੇ ਕਿਹਾ ਕਿ ਭੰਗ ਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ। ਸਰਕਾਰ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਨਾਲ-ਨਾਲ ਇਸ ਦੇ ਖਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਕਈ ਸਹਾਇਤਾ ਮੁਹਿੰਮਾਂ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਸਕੂਲਾਂ ਅਤੇ ਖੇਡ ਦੇ ਮੈਦਾਨਾਂ ਤੋਂ 100 ਮੀਟਰ ਦੀ ਦੂਰੀ ਦੇ ਅੰਦਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਭੰਗ ਦੇ ਸੇਵਨ 'ਤੇ ਪਾਬੰਦੀ ਲਗਾ ਦਿੱਤੀ ਹੈ।