ਇਮਰਾਨ ਖਾਨ ਨੇ ਸ੍ਰੀਲੰਕਾ 'ਚ ਛੇੜਿਆ ਕਸ਼ਮੀਰ ਰਾਗ ਪਰ ਅੱਤਵਾਦ 'ਤੇ ਸਾਧੀ ਚੁੱਪ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ, 'ਮੈਂ ਸੱਤਾ 'ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਨਾਲ ਗੱਲਬਾਤ ਕੀਤੀ।'
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਛੇੜਿਆ ਹੈ। ਸ੍ਰੀਲੰਕਾ 'ਚ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚ ਸਿਰਫ਼ ਕਸ਼ਮੀਰ ਹੀ ਵਿਵਾਦ ਦਾ ਮੁੱਦਾ ਹੈ। ਕਸ਼ਮੀਰ ਹੀ ਨਹੀਂ ਸ੍ਰੀਲੰਕਾ 'ਚ ਇਮਰਾਨ ਖਾਨ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨੇ ਉਨ੍ਹਾਂ ਦੀ ਕ੍ਰਾਇਮ ਬੁੱਕ ਖੋਲ੍ਹ ਕੇ ਰੱਖ ਦਿੱਤੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ, 'ਮੈਂ ਸੱਤਾ 'ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਆਪਣੇ ਗਵਾਂਢੀ ਦੇਸ਼ ਭਾਰਤ ਨਾਲ ਗੱਲਬਾਤ ਕੀਤੀ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਮਝਾਇਆ ਕਿ ਗੱਲਬਾਤ ਜ਼ਰੀਏ ਆਪਣੇ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਫਿਰ ਆਪਣੇ ਵਪਾਰਕ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਵਿਵਾਦ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਸਫ਼ਲ ਨਹੀਂ ਹੋਇਆ ਪਰ ਮੈਂ ਆਸਵੰਦ ਹਾਂ। ਸਾਡਾ ਵਿਵਾਦ ਬੱਸ ਇਕ ਗੱਲ ਨੂੰ ਲੈਕੇ ਹੈ। ਉਹ ਹੈ ਕਸ਼ਮੀਰ ਦਾ ਮਸਲਾ ਤੇ ਇਹ ਸਿਰਫ਼ ਗੱਲਬਾਤ ਜ਼ਰੀਏ ਸੁਲਝਾਇਆ ਜਾ ਸਕਦਾ ਹੈ।'
ਇਮਰਾਨ ਖਾਨ ਸ੍ਰੀਲੰਕਾ-ਪਾਕਿਸਤਾਨ ਵਪਾਰ ਨਿਵੇਸ਼ ਸੰਮੇਲਨ 'ਚ ਗਏ ਤਾਂ ਇਸ ਲਈ ਸਨ ਕਿ ਖਸਤਾਹਾਲ ਪਾਕਿਸਤਾਨ ਲਈ ਕੁਝ ਪੈਸੇ ਮੰਗਣਗੇ। ਪਰ ਜੁਬਾਨ ਖੋਲੀ ਤਾਂ ਕਸ਼ਮੀਰ ਦੀ ਗੱਲ ਕੀਤੀ। ਵੈਸੇ ਇਸ ਸ੍ਰੀਲੰਕਾ ਦੌਰੇ 'ਤੇ ਇਹ ਪਹਿਲੀ ਵਾਰ ਇਮਰਾਨ ਦੀ ਕਿਰਕਿਰੀ ਨਹੀਂ ਹੋਈ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਸੰਸਦ 'ਚ ਇਮਰਾਨ ਖਾਨ ਦਾ ਪ੍ਰਸਤਾਵਿਤ ਭਾਸ਼ਣ ਰੱਦ ਕਰ ਦਿੱਤਾ ਸੀ।