ਇਮਰਾਨ ਖ਼ਾਨ ਵੱਲੋਂ ਪਰਮਾਣੂੰ ਯੁੱਧ ਦੀ ਧਮਕੀ, 'ਕਸ਼ਮੀਰ 'ਤੇ ਕਿਸੇ ਵੀ ਹੱਦ ਤਕ ਜਾਵਾਂਗੇ'
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫਿਰ ਪਰਮਾਣੂੰ ਹਥਿਆਰਾਂ ਦੀ ਧਮਕੀ ਦਿੰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਕੋਲ ਪਰਮਾਣੂੰ ਹਥਿਆਰ ਹਨ ਤੇ ਪਾਕਿਸਤਾਨ ਕਸ਼ਮੀਰ 'ਤੇ ਕਿਸੇ ਵੀ ਹੱਦ ਤਕ ਜਾ ਸਕਦਾ ਹੈ।
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਦੇ ਨਾਂ ਸੰਬੋਧਨ ਵਿੱਚ ਇੱਕ ਵਾਰ ਫਿਰ ਕਸ਼ਮੀਰ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ 'ਤੇ ਮੁਸਲਿਮ ਦੇਸ਼ ਉਨ੍ਹਾਂ ਨਾਲ ਖੜੇ ਹਨ ਤੇ ਉਹ ਕਸ਼ਮੀਰ ਦਾ ਮੁੱਦਾ ਗੱਲਬਾਤ ਨਾਲ ਹੱਲ ਕਰਨਾ ਚਾਹੁੰਦੇ ਹਨ। ਪੀਓਕੇ ਬਾਰੇ ਵੀ ਇਮਰਾਨ ਖ਼ਾਨ ਨੇ ਵੱਡੀ ਗੱਲ ਕਹੀ ਕਿ ਪਾਕਿਸਤਾਨ ਪੀਓਕੇ ਵਿੱਚ ਆਪਰੇਸ਼ਨ ਕਰ ਸਕਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਇੱਕ ਵਾਰ ਫਿਰ ਪਰਮਾਣੂੰ ਹਥਿਆਰਾਂ ਦੀ ਧਮਕੀ ਦਿੰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਕੋਲ ਪਰਮਾਣੂੰ ਹਥਿਆਰ ਹਨ ਤੇ ਪਾਕਿਸਤਾਨ ਕਸ਼ਮੀਰ 'ਤੇ ਕਿਸੇ ਵੀ ਹੱਦ ਤਕ ਜਾ ਸਕਦਾ ਹੈ।
ਪੀਐਮ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਨੇ ਬਹੁਤ ਵੱਡੀ ਇਤਿਹਾਸਿਕ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕ ਹੀ ਮਸਲਾ ਹੈ, ਕਸ਼ਮੀਰ ਦਾ ਮਸਲਾ। ਉਹ ਡਾਇਲਾਗ ਰਾਹੀਂ ਭਾਰਤ ਨਾਲ ਗੱਲ ਕਰਨਾ ਚਾਹੁੰਦੇ ਸੀ, ਪਰ ਭਾਰਤ ਕੋਈ ਨਾ ਕੋਈ ਨਵਾਂ ਮੁੱਦਾ ਛੇੜ ਦਿੰਦਾ ਸੀ। ਪੁਲਵਾਮਾ ਹਮਲੇ ਦਾ ਨਾਂ ਵੀ ਪਾਕਿਸਤਾਨ 'ਤੇ ਲਾਇਆ ਗਿਆ। ਭਾਰਤ ਨੇ ਇਸ ਦੀ ਜਾਂਚ ਕੀਤੇ ਬਿਨਾ ਪਾਕਿ 'ਤੇ ਉਂਗਲ ਚੁੱਕੀ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਤੁਹਾਡੇ ਕੋਲ ਸਬੂਤ ਹੈ ਤਾਂ ਸਾਨੂੰ ਦਿਓ, ਅਸੀਂ ਕਾਰਵਾਈ ਕਰਾਂਗੇ।
ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਬਲੈਕ ਲਿਸਟ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਭਾਰਤ ਕਿਸੇ ਹੋਰ ਏਜੰਡੇ 'ਤੇ ਸੀ। ਆਰਐਸਐਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ RSS 1925 'ਚ ਬਣੀ ਤੇ ਨਰੇਂਦਰ ਮੋਦੀ ਆਰਐਸਐਸ ਦੇ ਮੈਂਬਰ ਹਨ, ਇਨ੍ਹਾਂ ਦਾ ਕੁਝ ਹੋਰ ਏਜੰਡਾ ਹੈ। ਆਰਐਸਐਸ ਦਾ ਨਜ਼ਰੀਆ ਹੈ ਕਿ ਹਿੰਦੋਸਤਾਨ ਸਿਰਫ ਹਿੰਦੂਆਂ ਦਾ ਹੈ। ਖ਼ਾਨ ਨੇ ਵੱਡੀ ਗੱਲ ਕਰਦਿਆਂ ਕਿਹਾ ਕਿ ਆਰਐਸਐਸ ਦੀ ਵਿਚਾਰਧਾਰਾ ਕਾਰਨ ਹੀ ਬਾਬਰੀ ਮਸਜਿਦ ਢਾਹੀ ਗਈ। ਗੁਜਰਾਤ 'ਚ ਮੁਸਲਮਾਨਾ ਦਾ ਕਤਲ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬਾਲਾਕੋਟ ਦੀ ਸ੍ਰਾਈਕ ਧਿਆਨ ਭਟਕਾਉਣ ਲਈ ਕੀਤੀ ਗਈ ਸੀ ਤਾਂ ਕਿ ਕਸ਼ਮੀਰ ਦੇ ਵੱਲ ਕਿਸੇ ਦਾ ਧਿਆਨ ਨਾ ਜਾਵੇ ਤੇ ਸਾਰੀ ਦੁਨੀਆ ਦਾ ਧਿਆਨ ਪਾਕਿਸਤਾਨ ਵੱਲ ਹੋ ਜਾਵੇ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਦੇ ਅੰਬੈਸੇਡਰ ਬਣਨਗੇ ਤੇ ਕਸ਼ਮੀਰ ਦੇ ਹਾਲਾਤਾ ਨੂੰ ਪੂਰੀ ਦੁਨੀਆ ਸਾਹਮਣੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਲਈ ਹਰ ਹਫ਼ਤੇ, ਹਰ ਸਕੂਲ, ਹਰ ਕਾਲਜ ਤੇ ਹਰ ਯੂਨੀਵਰਸਿਟੀ 'ਚ ਈਵੈਂਟ ਕੀਤੇ ਜਾਣੇ ਚਾਹੀਦੇ ਹਨ।