ਮੋਬਾਈਲ ਐਪ ਜ਼ਰੀਏ ਹੀ ਇਮਰਾਨ ਦੀ ਪਲਟੀ ਬਾਜੀ, ਹੁਣ ਬਣਨਗੇ ਪ੍ਰਧਾਨ ਮੰਤਰੀ
ਇਸਲਾਮਾਬਾਦ: ਪਾਕਿਸਤਾਨ 'ਚ ਇੱਕ ਮੋਬਾਈਲ ਐਪ 'ਤੇ 50 ਕਰੋੜ ਲੋਕਾਂ ਦੇ ਡਾਟਾਬੇਸ ਨੇ ਇਮਰਾਨ ਖਾਨ ਨੂੰ ਚੋਣਾਂ ਜਿਤਾਉਣ 'ਚ ਮਦਦ ਕੀਤੀ। ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਲੋਕਾਂ ਨੂੰ ਪੋਲਿੰਗ ਬੂਥ ਤੱਕ ਲਿਆਉਣ 'ਚ ਕਾਮਯਾਬ ਰਹੀ। ਪੀਟੀਆਈ ਨੇ ਆਪਣੇ ਇਸ ਪਲਾਨ ਨੂੰ ਕਾਫੀ ਦਿਨਾਂ ਤੱਕ ਗੁਪਤ ਰੱਖਿਆ ਤਾਂ ਕਿ ਦੂਜੀਆਂ ਪਾਰਟੀਆਂ ਇਸ ਦੀ ਨਕਲ ਨਾ ਕਰ ਲੈਣ। ਦਰਅਸਲ ਮੋਬਾਈਲ ਐਪ ਜ਼ਰੀਏ ਉਨ੍ਹਾਂ ਲੋਕਾਂ ਨੂੰ ਚੋਣ ਦੇ ਦਿਨ ਪੋਲਿੰਗ ਬੂਥ ਤੱਕ ਲਿਆਦਾਂ ਗਿਆ ਜਿਨ੍ਹਾਂ ਨੂੰ ਜਗ੍ਹਾ ਲੱਭਣ 'ਚ ਪ੍ਰੇਸ਼ਾਨੀ ਹੋ ਸਕਦੀ ਸੀ।
ਐਪ ਤੇ ਡਾਟਾਬੇਸ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ
ਪੀਟੀਆਈ ਨੇ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ 'ਕੰਸਟੀਚਿਊਂਸੀ ਮੈਨੇਜਮੈਂਟ ਸਿਸਟਮ' (ਸੀਐਮਐਸ) ਤਿਆਰ ਕਰਵਾਇਆ। ਪੀਟੀਆਈ ਨੇਤਾ ਅਸਦ ਉਮਰ ਦੇ ਨਿੱਜੀ ਸਕੱਤਰ ਤੇ ਸੀਐਮਐਸ ਦੀ ਯੂਨਿਟ ਸੰਭਾਲਨ ਵਾਲੇ ਆਮੀਰ ਮੁਗਲ ਦਾ ਕਹਿਣਾ ਹੈ ਕਿ ਐਪ ਤੇ ਡਾਟਾਬੇਸ ਦਾ ਜ਼ਬਰਦਸਤ ਅਸਰ ਹੋਇਆ। ਇਮਰਾਨ ਨੇ ਪੂਰੇ ਪਾਕਿਸਤਾਨ ਦੇ ਚੋਣ ਖੇਤਰਾਂ 'ਚ ਡਾਟਾਬੇਸ ਜਟਾਉਣ ਲਈ ਟੀਮਾਂ ਤਾਇਨਾਤ ਕੀਤੀਆਂ ਸਨ।
ਜ਼ਿਕਰਯੋਗ ਹੈ ਕਿ ਨੈਸ਼ਨਲ ਅਸੈਂਬਲੀ 'ਚ ਪੀਟੀਆਈ ਨੂੰ 116, ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪੀਐਮਐਲ-ਐਨ ਨੂੰ 64 ਤੇ ਪਾਕਿਸਤਾਨ ਪੀਪਲਸ ਪਾਰਟੀ ਪੀਪੀਪੀ ਨੂ 43 ਸੀਟਾਂ ਮਿਲੀਆਂ ਹਨ। ਦੱਸ ਦੇਈਏ ਕਿ ਪਾਕਿਸਤਾਨ 'ਚ ਕਰੀਬ 10.5 ਕਰੋੜ ਵੋਟਰ ਹਨ।