ਚੀਨ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵੀ ਸਮਝੌਤਾ, ਕੰਟਰੋਲ ਰੇਖਾ 'ਤੇ 2003 ਵਾਲਾ ਜੰਗਬੰਦੀ ਸਮਝੌਤਾ ਸਖ਼ਤੀ ਨਾਲ ਲਾਗੂ
ਦੋਵੇਂ ਦੇਸ਼ਾਂ ਨੇ ਕਿਹਾ ਕਿ ਹੁਣ ਉਹ ਜੰਗਬੰਦੀ ਨੂੰ ਪੂਰੀ ਤਰ੍ਹਾਂ ਮੰਨਣਗੇ। ਦੱਸ ਦੇਈਏ ਕਿ ਸਾਲ 2003 ’ਚ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਵਿਚਾਲੇ ਸਮਝੌਤਾ ਹੋਇਆ ਸੀ ਪਰ ਪਾਕਿਸਤਾਨ ਵੱਲੋਂ ਨਿਰੰਤਰ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ।
ਨਵੀਂ ਦਿੱਲੀ: ਚੀਨ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵੀ ਸਮਝੌਤਾ ਹੋ ਗਿਆ ਹੈ। ਦੋਵੇਂ ਦੇਸ਼ ਕੰਟਰੋਲ ਰੇਖਾ (LoC) ਉੱਤੇ ਗੋਲੀਬਾਰੀ ਨਾ ਕਰ ਲਈ ਸਹਿਮਤ ਹੋ ਗਏ ਹਨ। ਦੋਵੇਂ ਦੇਸ਼ਾਂ ਵਿਚਾਲੇ ਸਾਲ 2003 ਵਾਲਾ ਜੰਗਬੰਦੀ ਸਮਝੌਤਾ ਹੁਣ ਸਖ਼ਤੀ ਨਾਲ ਲਾਗੂ ਹੋਵੇਗਾ। ਜੰਗਬੰਦੀ ਲਈ ਹੁਣ ਨਵੇਂ ਸਿਰੇ ਤੋਂ ਸਮਝੌਤਾ ਹੋਇਆ ਹੈ। ਕੱਲ੍ਹ ਦੋਵੇਂ ਦੇਸ਼ਾਂ ਦੇ ਫ਼ੌਜੀ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲਜ਼ ਵਿਚਾਲੇ ਮੁਲਾਕਾਤ ਹੋਈ ਸੀ। ਉਸੇ ਮੀਟਿੰਗ ਦੌਰਾਨ ਇਹ ਸਹਿਮਤੀ ਬਣੀ ਹੈ।
ਦੋਵੇਂ ਦੇਸ਼ਾਂ ਨੇ ਕਿਹਾ ਕਿ ਹੁਣ ਉਹ ਜੰਗਬੰਦੀ ਨੂੰ ਪੂਰੀ ਤਰ੍ਹਾਂ ਮੰਨਣਗੇ। ਦੱਸ ਦੇਈਏ ਕਿ ਸਾਲ 2003 ’ਚ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਵਿਚਾਲੇ ਸਮਝੌਤਾ ਹੋਇਆ ਸੀ ਪਰ ਪਾਕਿਸਤਾਨ ਵੱਲੋਂ ਨਿਰੰਤਰ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ।
ਦਿੱਲੀ ’ਚ ਸੈਨਾ ਦਿਵਸ ਸਮਾਰੋਹ ਦੌਰਾਨ ਥਲ ਸੈਨਾ ਮੁਖੀ ਜਨਰਲ ਨਰਵਣੇ ਨੇ ਦੱਸਿਆ ਸੀ ਕਿ LoC ਉੱਤੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਵਿੱਚ ਲਗਭਗ 44 ਫ਼ੀ ਸਦੀ ਵਾਧਾ ਹੋਇਆ ਹੈ। ਪਿਛਲੇ ਵਰ੍ਹੇ 28 ਦਸੰਬਰ ਤੱਕ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਉੱਤੇ ਜੰਗਬੰਦੀ ਦੀ ਉਲੰਘਣਾ ਦੀਆਂ 4,700 ਘਟਨਾਵਾਂ ਨੂੰ ਅੰਜਾਮ ਦਿੱਤਾ ਸੀ; ਜੋ ਪਿਛਲੇ 17 ਸਾਲਾਂ ’ਚ ਸਭ ਤੋਂ ਵੱਧ ਹੈ।
ਸਾਲ 2019 ’ਚ ਜੰਗਬੰਦੀ ਦੀ ਉਲੰਘਣਾ ਦੀਆਂ 3,168 ਘਟਨਾਵਾਂ ਵਾਪਰੀਆਂ ਸਨ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ 1,551 ਉਲੰਘਣਾਵਾਂ ਅਗਸਤ ਮਹੀਨੇ ਤੋਂ ਬਾਅਦ ਹੋਈਆਂ ਹਨ। ਦੱਸ ਦੇਈਏ ਕਿ ਅਗਸਤ 2019 ’ਚ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਦਿਆਂ ਧਾਰਾ 370 ਮਨਸੂਖ਼ ਕਰ ਦਿੱਤੀ ਸੀ। ਉਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਵਾਰਦਾਤਾਂ ਵਿੱਚ ਅਚਾਨਕ ਹੀ ਵਾਧਾ ਕਰ ਦਿੱਤਾ ਹੈ।