Sikhs in USA: ਖਾਲਿਸਤਾਨ ਪੱਖੀਆਂ ਦੇ ਹਮਲੇ ਮਗਰੋਂ ਭਾਰਤੀ ਰਾਜਦੂਤ ਦੀ ਟਿੱਪਣੀ, ਖਾਲਸਾ ਵੰਡੀਆਂ ਪਾਉਣ ਵਾਲੀ ਨਹੀਂ, ਸਗੋਂ ਜੋੜਨ ਵਾਲੀ ਸ਼ਕਤੀ...
ਖਾਲਿਸਤਾਨ ਪੱਖੀ ਸਮਰਥਕਾਂ ਵੱਲੋਂ ਭਾਰਤੀ ਮਿਸ਼ਨਾਂ ਵਿੱਚ ਕੀਤੀ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ 'ਚ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਖਾਲਸਾ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀ ਨਹੀਂ, ਸਗੋਂ ਉਨ੍ਹਾਂ ਨੂੰ ਜੋੜਨ ਵਾਲੀ ਸ਼ਕਤੀ ਹੈ
Sikhs in USA: ਖਾਲਿਸਤਾਨ ਪੱਖੀ ਸਮਰਥਕਾਂ ਵੱਲੋਂ ਭਾਰਤੀ ਮਿਸ਼ਨਾਂ ਵਿੱਚ ਕੀਤੀ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ ਵਿੱਚ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਖਾਲਸਾ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀ ਨਹੀਂ, ਸਗੋਂ ਉਨ੍ਹਾਂ ਨੂੰ ਜੋੜਨ ਵਾਲੀ ਸ਼ਕਤੀ ਹੈ। ਤਰਨਜੀਤ ਸੰਧੂ ਸਿੱਖਸ ਆਫ ਅਮਰੀਕਾ ਵੱਲੋਂ ਉੱਘੀਆਂ ਸਿੱਖ ਸ਼ਖਸੀਅਤਾਂ ਨੂੰ ਵੱਕਾਰੀ ‘ਸਿੱਖ ਹੀਰੋ ਐਵਾਰਡ’ ਦੇਣ ਸਬੰਧੀ ਕਰਵਾਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਇਸ ਸਮਾਗਮ ਵਿੱਚ ਅਮਰੀਕਾ ਦੀਆਂ ਉੱਘੀਆਂ ਸਿੱਖ ਹਸਤੀਆਂ ਨੇ ਸ਼ਿਰਕਤ ਕੀਤੀ। ਸੰਧੂ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਕਿਹਾ, ‘‘ਖਾਲਸਾ, ਜੋ ਗੁਰੂ ਗੋਬਿੰਦ ਸਿੰਘ ਨੇ ਵਿਸਾਖੀ ਵਾਲੇ ਦਿਨ ਸਾਜਿਆ ਸੀ, ਜੋੜਨ ਵਾਲੀ ਸ਼ਕਤੀ ਹੈ ਨਾ ਕਿ ਵੰਡੀਆਂ ਪਾਉਣ ਵਾਲੀ ਸ਼ਕਤੀ।’’ ਭਾਰਤੀ ਰਾਜਦੂਤ ਨੇ ਕਿਹਾ ਕਿ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿੱਚ ਸਰਬੱਤ ਦਾ ਭਲਾ, ਏਕਤਾ, ਬਰਾਬਰਤਾ, ਇਮਾਨਦਾਰ ਜੀਵਨ, ਸੇਵਾ, ਸਿਮਰਨ, ਭਗਤੀ, ਮਾਨਸਿਕ ਸ਼ਾਂਤੀ, ਸਾਂਝੀਵਾਲਤਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸ਼ਾਹਿਬ ’ਤੇ ਝੂਲ ਰਿਹਾ ਖਾਲਸਾ ਝੰਡਾ ਏਕਤਾ, ਸ਼ਾਂਤੀ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਭਾਰਤੀ ਕੂਟਨੀਤਕ ਨੇ ਕਿਹਾ ਕਿ ਸਿੱਖ ਧਰਮ ਸਾਂਝੀਵਾਲਤਾ, ਪਿਆਰ ਤੇ ਬਰਾਬਰੀ ਦਾ ਧਰਮ ਹੈ। ਉਨ੍ਹਾਂ ਕਿਹਾ, ‘‘ਸਾਨੂੰ ਇਨ੍ਹਾਂ ਮੁੱਖ ਗੁਣਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਗ਼ਲਤ ਵਿਆਖਿਆ ਤੋਂ ਬਚਣ ਦੀ ਲੋੜ ਹੈ।’’
ਸੰਧੂ ਨੇ ਆਪਣੇ ਭਾਸ਼ਣ ਦੌਰਾਨ ਸਿੱਖ ਭਾਈਚਾਰੇ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਅਜਿਹੇ ਹਾਲਾਤ ਵਿੱਚ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਨੂੰ ਭਾਰਤ ਵਿੱਚ ਹੋ ਰਹੀ ਆਰਥਿਕ, ਵਿੱਤੀ, ਤਕਨੀਕੀ ਤੇ ਡਿਜੀਟਲ ਕ੍ਰਾਂਤੀ ਨਾਲ ਜੁੜਨ ਦੀ ਲੋੜ ਹੈ।’’ ਇਸ ਤੋਂ ਪਹਿਲਾਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸੰਧੂ ਦਾ ਸਵਾਗਤ ਕੀਤਾ।
ਇਸ ਮੌਕੇ ਉੱਦਮੀ ਦਰਸ਼ਨ ਸਿੰਘ ਧਾਲੀਵਾਲ, ਨਿਊ ਜਰਸੀ ਦੇ ਸਾਬਕਾ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ, ਸਾਬਕਾ ਮੇਅਰ ਰਵੀ ਸਿੰਘ ਭੱਲਾ ਤੇ ਉੱਦਮੀ ਮਨਰਾਜ ਸਿੰਘ ਕਾਹਲੋਂ ਨੂੰ ‘ਸਿੱਖ ਹੀਰੋ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਸ਼ਹੀਦ ਸਿੱਖ ਪੁਲੀਸ ਅਫਸਰ ਸੰਦੀਪ ਧਾਲੀਵਾਲ ਨੂੰ ਵੀ ਮਰਨ ਉਪਰੰਤ ਇਹ ਐਵਾਰਡ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਪਾਰਾ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ, ਚਾਰ ਦਿਨਾਂ 'ਚ ਹੋਰ ਵਧੇਗਾ ਤਾਪਮਾਨ