ਕੋਰੋਨਾ ਦੌਰਾਨ ਭਾਰਤੀਆਂ ਨੇ ਰੱਜ ਕੇ ਪੀਤੀ ਸ਼ਰਾਬ! 17 ਮੁਲਕਾਂ 'ਚ ਸਰਵੇ ਮਗਰੋਂ ਖੁਲਾਸਾ
ਲੌਕਡਾਊਨ ਵਰਗੀ ਹਾਲਤ ਦੇ ਚੱਲਦਿਆਂ ਲੋਕਾਂ ਦਾ ਘਰਾਂ ਤੋਂ ਬਾਹਰ ਜਾਣਾ ਘਟ ਗਿਆ ਹੈ; ਜਿਸ ਕਾਰਨ ਪੂਰੀ ਦੁਨੀਆ ’ਚ ਲੋਕਾਂ ਨੇ ਘੱਟ ਕਾਸਮੈਟਿਕ ਉਤਪਾਦ ਖ਼ਰੀਦੇ। ਦੁਨੀਆ ’ਚ 33% ਲੋਕਾਂ ਨੇ ਅਜਿਹੀ ਖ਼ਰੀਦਦਾਰੀ ਘੱਟ ਕਰਨ ਦੀ ਗੱਲ ਆਖੀ ਤੇ ਸਿਰਫ਼ 10% ਲੋਕ ਅਜਿਹੇ ਰਹੇ, ਜਿਨ੍ਹਾਂ ਨੇ ਅਜਿਹੇ ਪ੍ਰੋਡਕਟ ਵੱਧ ਖ਼ਰੀਦਣ ਦੀ ਗੱਲ ਮੰਨੀ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਖ਼ਰੀਦਦਾਰੀ ਦੇ ਤਰੀਕਿਆਂ ’ਚ ਵੱਡੀ ਤਬਦੀਲੀ ਆਈ ਹੈ। ਦੁਨੀਆ ਦੇ 17 ਦੇਸ਼ਾਂ ’ਚ ਕਰਵਾਏ ਗਏ ਕੌਮਾਂਤਰੀ ਸਰਵੇਖਣ ’ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਅਨੁਸਾਰ ਇਹ ਤਬਦੀਲੀ ਲੰਮੇ ਸਮੇਂ ਤੱਕ ਜਾਰੀ ਰਹਿ ਸਕਦੀ ਹੈ। ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਲਗਪਗ ਸਮੁੱਚੇ ਭਾਰਤ ’ਚ ਇਸ ਵੇਲੇ ਲੌਕਡਾਊਨ ਜਾਂ ਕਰਫ਼ਿਊ ਵਰਗੀ ਹਾਲਤ ਹੈ। ਅਜਿਹੇ ਹਾਲਾਤ ਵਿੱਚ ਇਹ ਤਬਦੀਲੀ ਹੋਰ ਵੀ ਮਜ਼ਬੂਤ ਹੋਣ ਦੀ ਆਸ ਹੈ।
ਦੁਨੀਆ ’ਚ ਮਹਾਮਾਰੀ ਦੌਰਾਨ ਸ਼ਰਾਬ ਦੀ ਸਭ ਤੋਂ ਵੱਧ ਖਪਤ ਭਾਰਤ ’ਚ ਹੋਈ ਹੈ। ਵਧੀਆ ਖਾਣ ਦੀ ਕੋਸ਼ਿਸ਼ ਦੇ ਬਾਵਜੂਦ ਭਾਰਤੀਆਂ ਨੇ ਸ਼ਰਾਬ ਦੀ ਖਪਤ ਵੀ ਕਾਫ਼ੀ ਵਧਾ ਦਿੱਤੀ ਹੈ। ਭਾਰਤ (29%) ਤੇ ਚੀਨ (27%) ਦੋ ਅਜਿਹੇ ਬਾਜ਼ਾਰ ਰਹੇ, ਜਿੱਥੇ ਸਭ ਤੋਂ ਵੱਧ ਲੋਕਾਂ ਨੇ ਮਹਾਮਾਰੀ ਦੌਰਾਨ ਪਹਿਲਾਂ ਦੇ ਮੁਕਾਬਲੇ ਸ਼ਰਾਬ ਦੀ ਮਾਤਰਾ ਵਧਾਉਣ ਦੀ ਗੱਲ ਆਖੀ। ਉੱਧਰ ਪੂਰੀ ਦੁਨੀਆ ’ਚ 25% ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਰਾਬ ਦੀ ਖਪਤ ਵਧੀ ਹੈ। ਭਾਵੇਂ 20% ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸ਼ਰਾਬ ਦੀ ਖਪਤ ਘਟੀ ਹੈ।
ਲੌਕਡਾਊਨ ਵਰਗੀ ਹਾਲਤ ਦੇ ਚੱਲਦਿਆਂ ਲੋਕਾਂ ਦਾ ਘਰਾਂ ਤੋਂ ਬਾਹਰ ਜਾਣਾ ਘਟ ਗਿਆ ਹੈ; ਜਿਸ ਕਾਰਨ ਪੂਰੀ ਦੁਨੀਆ ’ਚ ਲੋਕਾਂ ਨੇ ਘੱਟ ਕਾਸਮੈਟਿਕ ਉਤਪਾਦ ਖ਼ਰੀਦੇ। ਦੁਨੀਆ ’ਚ 33% ਲੋਕਾਂ ਨੇ ਅਜਿਹੀ ਖ਼ਰੀਦਦਾਰੀ ਘੱਟ ਕਰਨ ਦੀ ਗੱਲ ਆਖੀ ਤੇ ਸਿਰਫ਼ 10% ਲੋਕ ਅਜਿਹੇ ਰਹੇ, ਜਿਨ੍ਹਾਂ ਨੇ ਅਜਿਹੇ ਪ੍ਰੋਡਕਟ ਵੱਧ ਖ਼ਰੀਦਣ ਦੀ ਗੱਲ ਮੰਨੀ। ਭਾਰਤ ਦੇ ਵੀ 36% ਲੋਕਾਂ ਨੇ ਕਿਹਾ ਕਿ ਹੁਣ ਉਹ ਕਾਮਸਮੈਟਿਕ ਪ੍ਰੋਡਕਟ ਘੱਟ ਖ਼ਰੀਦਦੇ ਹਨ।
ਗਲੋਬਲ ਮਾਰਕਿਟ ਰਿਸਰਚ ਕੰਪਨੀ ‘ਯੂਗਵ’ (YouGov) ਨੇ ਇਹ ਸਰਵੇਖਣ ਦੁਨੀਆ ਦੇ ਉਨ੍ਹਾਂ 17 ਦੇਸ਼ਾਂ ’ਚ ਕਰਵਾਇਆ, ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਮੰਨਿਆ ਜਾਂਦਾ ਹੈ। ਇਸ ਸਰਵੇਖਣ ’ਚ ਦੁਕਾਨਾਂ ’ਤੇ ਪੁੱਜਣ ਵਾਲੇ 18 ਹਜ਼ਾਰ ਗਾਹਕਾਂ ਨੂੰ ਸ਼ਾਮਲ ਕੀਤਾ ਗਿਆ। ਸਰਵੇਖਣ ’ਚ ਜ਼ਿਆਦਾਤਰ ਵਿਕਸਤ ਦੇਸ਼ ਸ਼ਾਮਲ ਸਨ। ਪਰ ਮੈਕਸੀਕੋ ਤੇ ਭਾਰਤ ਜਿਹੇ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ।
ਸਰਵੇਖਣ ’ਚ ਸ਼ਾਮਲ 66% ਭਾਰਤੀਆਂ ਨੇ ਖਾਣ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਫਲ-ਸਬਜ਼ੀਆਂ ਤੇ ਡੇਅਰੀ ਉਤਪਾਦ ਸ਼ਾਮਲ ਕਰਨ ਦੀ ਗੱਲ ਮੰਨੀ। ਦੁਨੀਆ ’ਚ ਕੁੱਲ 38% ਲੋਕਾਂ ਨੇ ਅਜਿਹਾ ਕਰਨ ਦੀ ਗੱਲ ਮੰਨੀ। ਦੁਨੀਆ ਦੇ ਮੁਕਾਬਲੇ ਭਾਰਤ ’ਚ ਲਗਪਗ ਦੁੱਗਣੇ ਲੋਕਾਂ ਨੇ ਸੰਤੁਲਿਤ ਤੇ ਤੰਦਰੁਸਤ ਭੋਜਨ ਕਰਨਾ ਸ਼ੁਰੂ ਕੀਤਾ।
ਦੁਨੀਆ ਦੇ ਮੁਕਾਬਲੇ ਭਾਰਤ ’ਚ ਲਗਭਗ ਦੁੱਗਣੀ ਗਿਣਤੀ ਵਿੱਚ ਲੋਕਾਂ ਨੇ ਫ਼ਾਸਟ ਫ਼ੂਡ ਖਾਣਾ ਵੀ ਘਟਾਇਆ ਹੈ। ਦੁਨੀਆ ’ਚ ਜਿੱਥੇ 28% ਲੋਕਾਂ ਨੇ ਅਜਿਹਾ ਕੀਤਾ, ਉੱਥੇ ਭਾਰਤ ’ਚ 47% ਲੋਕਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਉਨ੍ਹਾਂ ਨੇ ਜੰਕ ਫ਼ੂਡ ਖਾਣਾ ਘਟਾ ਦਿੱਤਾ ਹੈ। ਇਸ ਦੇ ਮੁਕਾਬਲੇ ਦੁਨੀਆ ’ਚ ਇਸ ਦੌਰਾਨ ਵੀ ਜੰਕ ਫ਼ੂਡ ਦੀ ਮੰਗ ਵਧਦੀ ਰਹੀ।
ਦੁਨੀਆ ’ਚ ਜਿੱਥੇ 15% ਲੋਕਾਂ ਨੇ ਕਿਹਾ ਕਿ ਉਨ੍ਹਾਂ ਪੈਕੇਜਡ ਫ਼ੂਡ ਜਾਂ ਰੈਡੀਮੇਡ ਫ਼ੂਡ ਖਾਣਾ ਘਟਾਇਆ ਹੈ, ਉੱਥੇ ਹੀ ਭਾਰਤ ’ਚ 32% ਲੋਕਾਂ ਨੇ ਅਜਿਹਾ ਆਖਿਆ।