ਭਾਰਤੀ ਇੰਜਨੀਅਰ ਬੌਬ ਬਲਰਾਮ ਸੰਭਾਲ ਰਹੇ ਅਮਰੀਕਨ NASA ਦੇ ਮੰਗਲ ਗ੍ਰਹਿ ਦਾ ਹੈਲੀਕਾਪਟਰ ਮਿਸ਼ਨ
ਮੰਗਲ ਗ੍ਰਹਿ ’ਤੇ ਜਾਣ ਵਾਲਾ ਹੈਲੀਕਾਪਟਰ ਇਸ ਵੇਲੇ ਕੈਨੇਡੀਅਨ ਸਪੇਸ ਸੈਂਟਰ ’ਚ ਖੜ੍ਹਾ ਹੈ। ਅਗਲੇ ਇੱਕ-ਦੋ ਮਹੀਨਿਆਂ ਤੱਕ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇ ਦਿੱਤਾ ਜਾਵੇਗਾ।
ਵਾਸ਼ਿੰਗਟਨ: ਭਾਰਤੀ ਮੂਲ ਦੇ ਚੀਫ਼ ਇੰਜਨੀਅਰ ਬੌਬ ਬਲਰਾਮ ਇਸ ਵੇਲੇ ਅਮਰੀਕਨ ਪੁਲਾੜ ਖੋਜ ਏਜੰਸੀ ’NASA’ (ਨਾਸਾ) ਦੇ ਮੰਗਲ ਗ੍ਰਹਿ ਦੇ ਹੈਲੀਕਾਪਟਰ ਮਿਸ਼ਨ ਦੀ ਵਾਗਡੋਰ ਸੰਭਾਲ ਰਹੇ ਹਨ। ‘ਨਾਸਾ’ ਦੀ ਜੈੱਟ ਪ੍ਰੋਪਲਸ਼ਨ ਲੈਬਾਰੇਟਰੀ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਬਲਰਾਮ ਹੁਰਾਂ ਨੇ ਹੁਣ ਦੱਸਿਆ ਹੈ ਕਿ ਮੰਗਲ ਗ੍ਰਹਿ ’ਤੇ ਜਾਣ ਦਾ ‘ਸਨਕੀ ਵਿਚਾਰ’ ਕਿਵੇਂ ਆਇਆ ਸੀ।
ਮੰਗਲ ਗ੍ਰਹਿ ’ਤੇ ਜਾਣ ਵਾਲਾ ਹੈਲੀਕਾਪਟਰ ਇਸ ਵੇਲੇ ਕੈਨੇਡੀਅਨ ਸਪੇਸ ਸੈਂਟਰ ’ਚ ਖੜ੍ਹਾ ਹੈ। ਅਗਲੇ ਇੱਕ-ਦੋ ਮਹੀਨਿਆਂ ਤੱਕ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇ ਦਿੱਤਾ ਜਾਵੇਗਾ। ਬੌਬ ਬਲਰਾਮ ਦੱਸਦੇ ਹਨ ਕਿ ਉਹ 1960ਵਿਆਂ ਦੌਰਾਨ ਬਚਪਨ ’ਚ ਜਦੋਂ ਦੱਖਣੀ ਭਾਰਤ ’ਚ ਰਹਿੰਦੇ ਸਨ, ਤਦ ਅਪੋਲੋ ਜੁੱਗ ਸੀ ਤੇ ਉਹ ਉਦੋਂ ਵੀ ਗ੍ਰਹਿਆਂ ਉੱਤੇ ਜਾਣ ਬਾਰੇ ਸੋਚਦੇ ਰਹਿੰਦੇ ਸਨ।
ਬੌਬ ਬਲਰਾਮ ਦੇ ਤਾਇਆ ਨੇ ਅਮਰੀਕੀ ਕੌਂਸਲੇਟ ਦਫ਼ਤਰ ਨੂੰ ਇੱਕ ਵਾਰ ਚਿੱਠੀ ਲਿਖ ਕੇ ‘ਨਾਸਾ’ ਦੀ ਪੁਲਾੜ ਖੋਜ ਬਾਰੇ ਜਾਣਕਾਰੀ ਮੰਗੀ ਸੀ। ਤਦ ‘ਨਾਸਾ’ ਨੇ ਡਾਕ ਰਾਹੀਂ ਉਨ੍ਹਾਂ ਨੂੰ ਕਈ ਨਿੱਕੀਆਂ-ਨਿੱਕੀਆਂ ਪੁਸਤਕਾਂ ਭੇਜ ਦਿੱਤੀਆਂ ਸਨ। ਤਦ ਬਲਰਾਮ ਹਾਲੇ ਜਵਾਨੀ ’ਚ ਹੀ ਸਨ। ਉਨ੍ਹਾਂ ਰੇਡੀਓ ਉੱਤੇ ਸੁਣੀ ਉਹ ਖ਼ਬਰ ਵੀ ਹਾਲੇ ਤੱਕ ਚੇਤੇ ਹੈ, ਜਦੋਂ ਪਹਿਲੀ ਵਾਰ ਕਿਸੇ ਮਨੁੱਖ ਨੇ ਚੰਨ ਉੱਤੇ ਪੈਰ ਧਰਿਆ ਸੀ।
ਬੌਬ ਬਲਰਾਮ ਨੇ ਇੰਡੀਅਨ ਇੰਸਟੀਚਿਊਟ ਆੱਫ਼ ਟੈਕਨੋਲੋਜੀ ਤੋਂ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ ਤੇ ਫਿਰ ਅਮਰੀਕੀ ਮਹਾਂਨਗਰ ਨਿਊ ਯਾਰਕ ਸਥਿਤ ਰੈਨਸੇਲੇਅਰ ਪੌਲੀਟੈਕਨਿਕ ਇੰਸਟੀਚਿਊਟ ਤੋਂ ਕੰਪਿਊਟਰ ਅਤੇ ਸਿਸਟਮਜ਼ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਤੇ ਪੀਐਚਡੀ ਤੱਕ ਦੀਆਂ ਡਿਗਰੀਆਂ ਹਾਸਲ ਕੀਤੀਆਂ ਸਨ।
ਉਸ ਤੋਂ ਬਾਅਦ ਬੌਬ ਬਲਰਾਮ ਨੇ ਦੱਖਣੀ ਕੈਲੀਫ਼ੋਰਨੀਆ ’ਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ’ਚ ਆਪਣਾ ਕਰੀਅਰ ਸ਼ੁਰੂ ਕਰ ਦਿੱਤਾ ਸੀ। ਇੱਥੇ ਉਨ੍ਹਾਂ ਰੋਬੋਟਿਕਸ ਟੈਕਨੋਲੋਜਿਸਟ ਵਜੋਂ 35 ਵਰ੍ਹੇ ਕੰਮ ਕੀਤਾ। ‘ਇੰਡੀਆ ਵੈਸਟ’ ਦੀ ਰਿਪੋਰਟ ਅਨੁਸਾਰ ਬੌਬ ਬਲਰਾਮ ਨੇ ਰੋਬੋਟਿਕ ਭੁਜਾਵਾਂ ਤਿਆਰ ਕਰਨ, ਮੰਗਲ ਗ੍ਰਹਿ ਲਈ ਮੁਢਲੇ ਰੋਵਰਜ਼ ਬਣਾਉਣ ਅਤੇ ਸ਼ੁੱਕਰ ਗ੍ਰਹਿ ਦੀ ਖੋਜ ਲਈ ਬੈਲੂਨ ਮਿਸ਼ਨ ਜਿਹੇ ਪ੍ਰਮੁੱਖ ਪ੍ਰੋਜੈਕਟਾਂ ’ਚ ਵੱਡੀ ਭੂਮਿਕਾ ਨਿਭਾਈ ਹੈ।