ਅਮਰੀਕੀ ਪੁਲਿਸ ਨੇ ਭਾਰਤੀ ਇੰਜੀਨੀਅਰ ਨੂੰ ਮਾਰੀ ਗੋਲੀ, ਜਾਣੋ ਪੂਰਾ ਮਾਮਲਾ; ਆਖਿਰ ਕਿਉਂ ਗਵਾਉਣੀ ਪਈ ਜਾਨ
India US: ਕੈਲੀਫੋਰਨੀਆ ਵਿੱਚ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਮੁਹੰਮਦ ਨਿਜ਼ਾਮੂਦੀਨ ਦੀ ਆਪਣੇ ਰੂਮਮੇਟ ਨਾਲ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਅਮਰੀਕੀ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ।

India US: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੁਲਿਸ ਨੇ ਇੱਕ ਭਾਰਤੀ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਵਿਅਕਤੀ ਨੂੰ ਗੋਲੀ ਮਾਰੀ ਗਈ,ਉਸ ਦੀ ਪਛਾਣ ਮੁਹੰਮਦ ਨਿਜ਼ਾਮੂਦੀਨ ਦੇ ਤੌਰ 'ਤੇ ਹੋਈ ਹੈ। ਦੱਸ ਦਈਏ ਕਿ ਇਸ ਵਿਅਕਤੀ ਦਾ ਆਪਣੇ ਰੂਮਮੇਟ ਨਾਲ ਝਗੜਾ ਹੋ ਗਿਆ ਸੀ।
ਤੇਲੰਗਾਨਾ ਤੋਂ ਨਿਜ਼ਾਮੂਦੀਨ ਦੇ ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਉਸ ਦੀ ਲਾਸ਼ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਗੋਲੀ ਲੱਗਣ ਤੋਂ ਪਹਿਲਾਂ ਨਿਜ਼ਾਮੂਦੀਨ ਨੇ ਨਸਲੀ ਪਰੇਸ਼ਾਨੀ ਅਤੇ ਨੌਕਰੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਲੈਕੇ ਜਨਤਕ ਸ਼ਿਕਾਇਤ ਕੀਤੀ ਸੀ।
ਮੁਹੰਮਦ ਨਿਜ਼ਾਮੁਦੀਨ ਨੇ ਫਲੋਰੀਡਾ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ। ਫਿਰ ਉਨ੍ਹਾਂ ਨੇ ਕੈਲੀਫੋਰਨੀਆ ਦੀ ਇੱਕ ਕੰਪਨੀ ਵਿੱਚ ਕੰਮ ਕੀਤਾ, ਪਰ ਬਾਅਦ ਵਿੱਚ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇੱਕ ਲਿੰਕਡਇਨ ਪੋਸਟ ਵਿੱਚ, ਨਿਜ਼ਾਮੁਦੀਨ ਨੇ ਦੋਸ਼ ਲਗਾਇਆ ਕਿ ਉਸ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਉਸ ਨਾਲ ਤਨਖਾਹ ਨੂੰ ਲੈਕੇ ਵੀ ਧੋਖਾਧੜੀ ਕੀਤੀ ਗਈ ਸੀ। ਇਸ ਤੋਂ ਇਲਾਵਾ, ਨਿਜ਼ਾਮੁਦੀਨ ਨੇ ਨਸਲੀ ਪਰੇਸ਼ਾਨੀ ਨੂੰ ਲੈਕੇ ਵੀ ਇੱਕ ਪੋਸਟ ਵੀ ਸਾਂਝੀ ਕੀਤੀ ਸੀ।
ਪੁਲਿਸ ਨੇ ਨਿਜਾਮੁੱਦਿਨ ਨੂੰ ਮਾਰੀਆਂ ਚਾਰ ਗੋਲੀਆਂ
ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਨਿਜ਼ਾਮੂਦੀਨ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਸੈਂਟਾ ਕਲਾਰਾ ਪੁਲਿਸ ਦੇ ਇੱਕ ਬਿਆਨ ਦੇ ਅਨੁਸਾਰ, ਚਾਕੂ ਮਾਰਨ ਸੰਬੰਧੀ 911 'ਤੇ ਕਾਲ ਆਈ ਸੀ। ਪੁਲਿਸ ਅਧਿਕਾਰੀ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਨੇ ਕਿਹਾ ਕਿ ਜਦੋਂ ਉਹ ਪਹੁੰਚੇ ਤਾਂ ਇੱਕ ਆਦਮੀ ਚਾਕੂ ਲੈ ਕੇ ਖੜ੍ਹਾ ਸੀ। ਜਦੋਂ ਉਸਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੂੰ ਗੋਲੀ ਮਾਰ ਦਿੱਤੀ ਗਈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸ ਆਦਮੀ ਦਾ ਰੂਮਮੇਟ ਲੇਟਿਆ ਹੋਇਆ ਸੀ ਅਤੇ ਕਈ ਥਾਵਾਂ 'ਤੇ ਜ਼ਖਮੀ ਸੀ। ਇਹ ਘਟਨਾ 3 ਸਤੰਬਰ ਨੂੰ ਵਾਪਰੀ ਸੀ।
ਪਰਿਵਾਰ ਨੇ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ
ਮਜਲਿਸ ਬਚਾਓ ਤਹਿਰੀਕ ਦੇ ਬੁਲਾਰੇ ਅਮਜਦ ਉੱਲ੍ਹਾ ਖਾਨ ਨੇ ਨਿਜ਼ਾਮੂਦੀਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਦੇ ਪਿਤਾ ਮੁਹੰਮਦ ਹਸਨੂਦੀਨ ਅਤੇ ਹੋਰ ਰਿਸ਼ਤੇਦਾਰਾਂ ਨਾਲ ਗੱਲ ਕੀਤੀ। ਅਮਜਦ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਮਦਦ ਦੀ ਬੇਨਤੀ ਕੀਤੀ ਹੈ। ਉਹ ਲਾਸ਼ ਨੂੰ ਭਾਰਤ ਵਾਪਸ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਪੱਤਰ ਵਿੱਚ ਇਹ ਵੀ ਲਿਖਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।






















