Pakistan: ਲਾਹੌਰ 'ਚ ਭਾਰਤੀ ਸਿੱਖ ਪਰਿਵਾਰ ਨੂੰ ਪੁਲਿਸ ਦੀ ਵਰਦੀ 'ਚ ਲੁਟੇਰਿਆਂ ਨੇ ਲੁੱਟਿਆ, ਤੀਰਥ ਯਾਤਰਾ 'ਤੇ ਗਿਆ ਸੀ ਪਰਿਵਾਰ
Indian Sikh Family Looted In Pakistan: ਭਾਰਤ ਤੋਂ ਪਾਕਿਸਤਾਨ ਤੀਰਥ ਯਾਤਰਾ 'ਤੇ ਗਏ ਇੱਕ ਸਿੱਖ ਪਰਿਵਾਰ ਨੂੰ ਲਾਹੌਰ 'ਚ ਲੁੱਟਿਆ ਗਿਆ ਹੈ। ਪੁਲੀਸ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਲੁਟੇਰਿਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ।
Robbery In Pakistan: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿੱਚ ਪੁਲਿਸ ਦੀ ਵਰਦੀ ਪਾਏ ਲੁਟੇਰਿਆਂ ਵੱਲੋਂ ਇੱਕ ਭਾਰਤੀ ਸਿੱਖ ਪਰਿਵਾਰ ਨੂੰ ਲੁੱਟ ਲਿਆ ਗਿਆ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਇਹ ਘਟਨਾ ਬੁੱਧਵਾਰ ਨੂੰ ਵਾਪਰੀ, ਜਦੋਂ ਕੰਵਲ ਜੀਤ ਸਿੰਘ ਅਤੇ ਉਸਦਾ ਪਰਿਵਾਰ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵਾਪਸ ਆ ਰਹੇ ਸਨ।
ਪੁਲਿਸ ਬੁਲਾਰੇ ਅਹਿਤਾਸ਼ਾਮ ਹੈਦਰ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਪਰਿਵਾਰ ਗੁਰਦੁਆਰਾ ਸਾਹਿਬ ਤੋਂ ਵਾਪਸੀ ਦੌਰਾਨ ਖਰੀਦਦਾਰੀ ਕਰਨ ਲਈ ਲਾਹੌਰ ਦੇ ਗੁਲਬਰਗ ਇਲਾਕੇ ਦੇ ਲਿਬਰਟੀ ਮਾਰਕੀਟ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਰਤ ਤੋਂ ਇੱਥੇ ਆਇਆ ਇੱਕ ਸਿੱਖ ਪਰਿਵਾਰ ਜਦੋਂ ਇੱਕ ਦੁਕਾਨ ਤੋਂ ਬਾਹਰ ਆਇਆ ਤਾਂ ਪੁਲਿਸ ਦੀ ਵਰਦੀ ਪਾਏ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ 'ਤੇ ਨਕਦੀ ਅਤੇ ਗਹਿਣੇ ਲੁੱਟ ਲਏ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਸਿੱਖ ਪਰਿਵਾਰ ਤੋਂ ਗਹਿਣਿਆਂ ਤੋਂ ਇਲਾਵਾ 2,50,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਰੁਪਏ ਲੁੱਟ ਲਏ।
ਮੁੱਖ ਮੰਤਰੀ ਨੇ ਥਾਣਾ ਮੁਖੀ ਤੋਂ ਰਿਪੋਰਟ ਮੰਗੀ
ਹੈਦਰ ਨੇ ਕਿਹਾ ਕਿ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਲ ਹੀ ਪੀੜਤ ਪਰਿਵਾਰ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਤੁਰੰਤ ਲਾਹੌਰ ਪੁਲਿਸ ਮੁਖੀ ਤੋਂ ਰਿਪੋਰਟ ਮੰਗੀ ਹੈ।
48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦੇ ਨਿਰਦੇਸ਼
ਨਕਵੀ ਨੇ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਸ਼ੱਕੀਆਂ ਦੀ ਤੁਰੰਤ ਪਛਾਣ ਕਰਨ 'ਤੇ ਜ਼ੋਰ ਦਿੱਤਾ ਅਤੇ ਇਸ ਵਿਚ ਸ਼ਾਮਲ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਘਟਨਾ ਨੂੰ ਸੁਰੱਖਿਆ ਪੱਖੋਂ ਗੰਭੀਰ ਕਮੀ ਦੱਸਦਿਆਂ 48 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਬਾਰੇ ਨਕਵੀ ਨੇ ਕਿਹਾ ਹੈ ਕਿ ਇਹ ਲਾਪਰਵਾਹੀ ਦਾ ਮਾਮਲਾ ਹੈ। ਅਜਿਹੀ ਸਥਿਤੀ ਵਿੱਚ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਭਾਰਤ ਤੋਂ ਹਜ਼ਾਰਾਂ ਸਿੱਖ ਪਾਕਿਸਤਾਨ ਦੇ ਦੌਰੇ 'ਤੇ ਹਨ।