IS ਨੇ ਆਡੀਓ ਜਾਰੀ ਕਰਕੇ ਬਗਦਾਦੀ ਦੇ ਮਾਰੇ ਜਾਣ ਦੀ ਕੀਤੀ ਪੁਸ਼ਟੀ, ਨਵੇਂ ਚੀਫ ਦਾ ਕੀਤਾ ਐਲਾਨ
ਆਈਐਸ ਨੇ ਇੱਕ ਆਡੀਓ ਸੰਦੇਸ਼ ਵਿੱਚ ਦੱਸਿਆ ਹੈ ਕਿ ਅਬੂ ਇਬਰਾਹਿਮ ਅਲ-ਹਾਸ਼ਮੀ ਅਲ ਕੁਰੈਸ਼ੀ ਨੂੰ ਬਗਦਾਦੀ ਦੀ ਥਾਂ ਸੰਗਠਨ ਦਾ ਨਵਾਂ ਆਗੂ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਅਬੂ ਹਮਜ਼ਾ ਅਲ ਕੁਰੈਸ਼ੀ ਨੇ ਕਿਹਾ, 'ਆਸਥਾ ਰੱਖਣ ਵਾਲਿਆਂ ਦੇ ਮੁਖੀ, ਤੁਹਾਡੀ ਮੌਤ ਤੋਂ ਅਸੀਂ ਦੁਖੀ ਹਾਂ।'
ਬੇਰੂਤ: ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਨੇ ਵੀਰਵਾਰ ਨੂੰ ਅਬੂ ਬਕਰ ਅਲ-ਬਗਦਾਦੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਨਿਊਜ਼ ਏਜੰਸੀ ਦੇ ਅਨੁਸਾਰ ਆਈਐਸ ਨੇ ਇੱਕ ਆਡੀਓ ਸੰਦੇਸ਼ ਵਿੱਚ ਦੱਸਿਆ ਹੈ ਕਿ ਅਬੂ ਇਬਰਾਹਿਮ ਅਲ-ਹਾਸ਼ਮੀ ਅਲ ਕੁਰੈਸ਼ੀ ਨੂੰ ਬਗਦਾਦੀ ਦੀ ਥਾਂ ਸੰਗਠਨ ਦਾ ਨਵਾਂ ਆਗੂ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਅਬੂ ਹਮਜ਼ਾ ਅਲ ਕੁਰੈਸ਼ੀ ਨੇ ਕਿਹਾ, 'ਆਸਥਾ ਰੱਖਣ ਵਾਲਿਆਂ ਦੇ ਮੁਖੀ, ਤੁਹਾਡੀ ਮੌਤ ਤੋਂ ਅਸੀਂ ਦੁਖੀ ਹਾਂ।'
ਇਸ ਤੋਂ ਪਹਿਲਾਂ ਬਗਦਾਦੀ ਦੀ ਮੌਤ ਦੀ ਪੁਸ਼ਟੀ ਕਰਨ ਲਈ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਸੀ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨਾਂ ਵਿੱਚ ਵੀ ਫਰਕ ਸੀ। ਟਰੰਪ ਨੇ ਮੌਤ ਦੇ ਸਮੇਂ ਬਗਦਾਦੀ ਦੇ ਰੋਣ ਤੇ ਗਿੜਗਿੜਾਉਣ ਦੀ ਗੱਲ ਕੀਤੀ ਜਦਕਿ ਪੈਂਟਾਗਨ ਨੇ ਅਜਿਹੀ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਸੀ।
ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਆਈਐਸ ਦੇ ਮਾਸਟਰਮਾਈਂਡ ਅਬੂ ਬਕਰ ਅਲ ਬਗਦਾਦੀ ਦੇ ਖਾਤਮੇ ਦੀ ਇੱਕ ਵੀਡੀਓ ਤੇ ਫੋਟੋ ਜਾਰੀ ਕੀਤੀ ਹੈ। ਕੇਂਦਰੀ ਕਮਾਂਡ ਦੇ ਕਮਾਂਡਰ ਜਨਰਲ ਕੇਨੇਥ ਮੈਕੈਂਜੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ- ਇਹ ਵੀਡੀਓ ਬਗਦਾਦੀ ਉੱਤੇ ਹਮਲਾ ਕਰਨ ਵਾਲੇ ਸੁਰੱਖਿਆ ਬਲਾਂ ਦੀ ਹੈ ਜਿਥੇ ਬਗਦਾਦੀ ਠਹਿਰਿਆ ਹੋਇਆ ਸੀ। ਹਮਲੇ ਵਿੱਚ ਆਈਐਸ ਦੇ ਕੁਲ 6 ਮੈਂਬਰ ਮਾਰੇ ਗਏ ਸਨ। ਇਸ ਵਿੱਚ 4 ਔਰਤਾਂ ਅਤੇ ਬਗਦਾਦੀ ਸਮੇਤ ਦੋ ਨੌਜਵਾਨ ਸ਼ਾਮਲ ਸਨ।
ਜਦੋਂ ਬਗਦਾਦੀ ਨੇ ਆਪਣੇ ਆਪ ਨੂੰ ਉਡਾਇਆ, ਤਾਂ ਇਸ ਵਿੱਚ 12 ਸਾਲ ਤੋਂ ਘੱਟ ਉਮਰ ਦੇ ਦੋ ਬੱਚੇ ਵੀ ਮਾਰੇ ਗਏ। ਅਹਾਤੇ ਵਿਚੋਂ ਬਾਹਰ ਆ ਰਹੇ ਗੈਰ-ਲੜਾਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਨ੍ਹਾਂ ਦੀ ਤਲਾਸ਼ੀ ਕੀਤੀ ਗਈ। ਉਨ੍ਹਾਂ ਨੂੰ ਹਥਿਆਰ ਤੇ ਵਿਸਫੋਟਕ ਨਾ ਮਿਲਣ 'ਤੇ ਛੱਡ ਦਿੱਤਾ ਗਿਆ ਸੀ। ਉਸ ਸਮੂਹ ਵਿੱਚ 11 ਬੱਚੇ ਸ਼ਾਮਲ ਸਨ।