ਅਫ਼ਗਾਨਿਸਤਾਨ 'ਚ ISIS ਨੇ ਇਸ ਲਈ ਬਣਾਇਆ ਸਿੱਖਾਂ ਨੂੰ ਨਿਸ਼ਾਨਾ
ਕਾਬੁਲ: ਅਫ਼ਗਾਨਿਸਤਾਨ 'ਚ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਲਈ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿੱਚ ਆਤਮਘਾਤੀ ਬੰਬ ਧਮਾਕੇ ’ਚ 20 ਜਣਿਆਂ ਦੀ ਮੌਤ ਹੋ ਗਈ ਤੇ ਤਕਰੀਬਨ 20 ਜਣੇ ਹੀ ਜ਼ਖ਼ਮੀ ਹੋ ਗਏ ਸਨ।
ਮਾਰੇ ਗਏ 20 ਜਣਿਆਂ ਵਿੱਚੋਂ 12 ਸਿੱਖ ਤੇ ਬਾਕੀ ਹਿੰਦੂ ਹਨ। ਹਮਲੇ ਵਿੱਚ ਸਥਾਨਕ ਸਿੱਖ ਲੀਡਰ ਅਵਤਾਰ ਸਿੰਘ ਖ਼ਾਲਸਾ ਦੀ ਵੀ ਮੌਤ ਹੋ ਗਈ ਸੀ। ਅਵਤਾਰ ਸਿੰਘ ਖ਼ਾਲਸਾ ਇਸ ਸਾਲ ਅਕਤੂਬਰ ਤੋਂ ਸੰਸਦ ਮੈਂਬਰ ਵਜੋਂ ਨਾਮਜ਼ਦ ਹੋ ਚੁੱਕੇ ਸਨ।
ਆਤਮਘਾਤੀਆਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਸ਼ਰਫ ਗ਼ਨੀ ਨਾਲ ਮੁਲਾਕਾਤ ਕਰਨ ਜਾ ਰਹੇ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ। ਅੱਜ ਜਾਰੀ ਕੀਤੇ ਬਿਆਨ 'ਚ ਅੱਤਵਾਦੀ ਸੰਗਠਨ ਨੇ ਕਿਹਾ ਧਾਰਮਿਕ ਕੱਟੜਤਾ ਦੇ ਚੱਲਦਿਆਂ ਅਫਗਾਨਿਸਤਾਨ 'ਚ ਘੱਟ ਗਿਣਤੀ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਆਈਐਸ ਦਾ ਮੰਨਣਾ ਹੈ ਕਿ ਇਹ ਲੋਕ (ਹਿੰਦੂ ਤੇ ਸਿੱਖ) ਇੱਕ ਤੋਂ ਵੱਧ ਦੇਵਤਾਵਾਂ ਨੂੰ ਪੂਜਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁਸਲਿਮ ਦੇਸ਼ਾਂ 'ਚ ਹਿੰਦੂਆ ਤੇ ਸਿੱਖਾਂ ਨੂੰ ਵਿਤਕਰੇ ਦੇ ਚੱਲਦਿਆਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਏਸੇ ਕਾਰਨ ਵੱਡੀ ਗਿਣਤੀ 'ਚ ਲੋਕ ਉੱਥੋਂ ਪਲਾਇਨ ਚੁੱਕੇ ਹਨ। ਦੱਸ ਦੇਈਏ ਕਿ 1970 'ਚ ਅਫਗਾਨਿਸਤਾਨ 'ਚ ਘੱਟ ਗਿਣਤੀਆਂ ਨਾਲ ਸਬੰਧਤ ਤਕਰੀਬਨ 80,000 ਲੋਕ ਰਹਿੰਦੇ ਸਨ ਜਦਕਿ ਅੱਜ ਇਹ ਗਿਣਤੀ ਸਿਰਫ਼ 1000 ਤੋਂ ਵੀ ਘੱਟ ਹੋ ਗਈ ਹੈ।