Israel Attack on Lebanon: ਵੀਰਵਾਰ ਸ਼ਾਮ ਨੂੰ ਮੱਧ ਬੇਰੂਤ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 117 ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਸਨ। ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਹਮਲਿਆਂ ਨਾਲ ਇਕ ਰਿਹਾਇਸ਼ੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਇਕ ਹੋਰ ਇਮਾਰਤ ਪੂਰੀ ਤਰ੍ਹਾਂ ਨਾਲ ਢਹਿ ਗਈ। ਇਹ ਹਮਲੇ ਅਜਿਹੇ ਸਮੇਂ 'ਚ ਹੋਏ ਹਨ ਜਦੋਂ ਇਜ਼ਰਾਈਲ ਨੇ ਲੇਬਨਾਨ 'ਚ ਈਰਾਨ ਸਮਰਥਿਤ ਹਿਜ਼ਬੁੱਲਾ ਖਿਲਾਫ ਆਪਣੇ ਹਮਲਿਆਂ ਦਾ ਘੇਰਾ ਵਧਾ ਦਿੱਤਾ ਹੈ।
ਇਜ਼ਰਾਇਲੀ ਹਮਲੇ ਰਾਜਧਾਨੀ ਦੇ ਸ਼ੀਆ ਬਹੁਲ ਬਚੋਰਾ ਇਲਾਕੇ 'ਚ ਹੋਏ, ਜਿੱਥੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਇਲਾਕੇ ਦੀਆਂ ਦੋ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਪੂਰੀ ਤਰ੍ਹਾਂ ਢਹਿ ਗਈ। ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਅਮਰੀਕੀ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਹਿਜ਼ਬੁੱਲਾ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਹਮਲਾ
ਸੂਤਰਾਂ ਮੁਤਾਬਕ ਇਸ ਹਮਲੇ 'ਚ ਹਿਜ਼ਬੁੱਲਾ ਦੇ ਇਕ ਸੀਨੀਅਰ ਅਧਿਕਾਰੀ ਅਤੇ ਹਸਨ ਨਸਰੱਲਾ ਦੇ ਜੀਜੇ ਵਫੀਕ ਸਾਫਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਗਿਆ। ਜਿਸ ਇਮਾਰਤ ਵਿਚ ਉਹ ਸੀ, ਉਸ ਨੂੰ ਇਜ਼ਰਾਈਲ ਨੇ ਨਿਸ਼ਾਨਾ ਬਣਾਇਆ, ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ।
ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਵੀ ਹਮਲਾ ਕੀਤਾ
ਇਜ਼ਰਾਈਲੀ ਟੈਂਕਾਂ ਨੇ ਲੇਬਨਾਨ ਦੇ ਨਕੋਰਾ ਵਿੱਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਵਾਚਟਾਵਰ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਦੋ ਇੰਡੋਨੇਸ਼ੀਆਈ ਸੰਯੁਕਤ ਰਾਸ਼ਟਰ ਦੇ ਸੈਨਿਕ ਜ਼ਖਮੀ ਹੋ ਗਏ। ਇਜ਼ਰਾਇਲੀ ਫੌਜ ਨੇ ਇਸ ਹਵਾਈ ਹਮਲੇ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਪਰ ਇਹ ਹਮਲੇ ਅਜਿਹੇ ਸਮੇਂ 'ਚ ਹੋ ਰਹੇ ਹਨ ਜਦੋਂ ਇਜ਼ਰਾਈਲ ਨੇ ਲੇਬਨਾਨ 'ਚ ਹਿਜ਼ਬੁੱਲਾ ਖਿਲਾਫ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।
ਹਿਜ਼ਬੁੱਲਾ ਨੇ ਵੀ ਅਜੇ ਤੱਕ ਇਸ ਘਟਨਾ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਬੇਰੂਤ 'ਚ ਇਜ਼ਰਾਇਲੀ ਹਮਲੇ 'ਚ ਹੁਣ ਤੱਕ 2000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਅਤੇ 11 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹਨ।