Kabul Blast: ਕਾਬੁਲ 'ਚ ਨਮਾਜ਼ ਦੌਰਾਨ ਮਸਜਿਦ 'ਚ ਧਮਾਕਾ, ਕਈ ਲੋਕਾਂ ਦੀ ਮੌਤ
Kabul Blast: ਕਾਬੁਲ ਵਿੱਚ ਨਮਾਜ਼ ਦੌਰਾਨ ਧਮਾਕਾ ਹੋਇਆ ਹੈ, ਜਿਸ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆ ਰਹੀ ਹੈ।
Kabul Blast: ਕਾਬੁਲ ਸ਼ਹਿਰ ਦੇ ਪੱਛਮੀ ਜ਼ਿਲ੍ਹੇ ਕੋਹਾਟ-ਏ-ਸਾਂਗੀ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਧਮਾਕਾ ਹੋਇਆ। ਸ਼ੁਰੂਆਤੀ ਰਿਪੋਰਟਾਂ 'ਚ ਕਈ ਲੋਕਾਂ ਦੀ ਮੌਤ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਇਸ ਧਮਾਕੇ 'ਚ ਕਿੰਨੇ ਲੋਕ ਮਾਰੇ ਗਏ ਹਨ, ਇਸ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ 12 ਦਸੰਬਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਹੋਟਲ ਵਿੱਚ ਆਤਮਘਾਤੀ ਹਮਲਾਵਰ ਨੇ ਧਮਾਕਾ ਕੀਤਾ ਸੀ। ਇਸ ਹਮਲੇ ਵਿਚ 21 ਲੋਕਾਂ ਦੀ ਮੌਤ ਹੋ ਗਈ ਸੀ।
ਅਫਗਾਨਿਸਤਾਨ 'ਚ ਅੱਤਵਾਦੀ ਸੰਗਠਨ ਤਾਲਿਬਾਨ ਦੀ ਸਰਕਾਰ ਹੈ, ਪਰ ਉਥੇ ਵੀ ਆਈਐਸਆਈਐਸ ਵਰਗੇ ਖ਼ਤਰਨਾਕ ਅੱਤਵਾਦੀ ਸੰਗਠਨ ਸਰਗਰਮ ਹਨ। ਜ਼ਿਕਰਯੋਗ ਹੈ ਕਿ ਅਗਸਤ 2021 'ਚ ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਉੱਥੇ ਤਾਲਿਬਾਨ ਦਾ ਰਾਜ ਹੈ। ਤਾਲਿਬਾਨ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਉਹ ਦੇਸ਼ 'ਚ ਮਜ਼ਬੂਤ ਸੁਰੱਖਿਆ ਪ੍ਰਣਾਲੀ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਪੂਰੀ ਤਰ੍ਹਾਂ ਅਸਫਲ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਅਫ਼ਗ਼ਾਨਿਸਤਾਨ 'ਚ ਕਈ ਥਾਵਾਂ 'ਤੇ ਗੋਲੀਬਾਰੀ ਅਤੇ ਧਮਾਕਿਆਂ ਦਾ ਸਿਲਸਿਲਾ ਬੇਰੋਕ ਚੱਲ ਰਿਹਾ ਹੈ। ਅੱਤਵਾਦੀ ਸੰਗਠਨ ਆਈਐਸਆਈਐਸ ਨੇ ਇਨ੍ਹਾਂ ਵਿੱਚੋਂ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।