ਇਜ਼ਰਾਈਲੀ PM ਨੈਤਨਯਾਹੂ ਦੇ ਵੱਡੇ ਦਾਅਵੇ ਨਾਲ ਮੱਚਿਆ ਹੜਕੰਪ, 'ਟਰੰਪ ਨੂੰ ਮਾਰਨਾ ਚਾਹੁੰਦਾ ਸੀ ਈਰਾਨ, ਉਨ੍ਹਾਂ ਲਈ ਨੰਬਰ 1 ਦੁਸ਼ਮਣ...'
ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਈਰਾਨ ਦੇ ਨਿਊਕਲੀਅਰ ਤੇ ਮਿਸਾਈਲ ਖ਼ਤਰੇ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਨਾਲ ਗੱਲਬਾਤ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਹੁਣ ਸਿਰਫ਼...

Iran Israel War: ਈਰਾਨ ਨਾਲ ਤਣਾਅ ਦੇ ਵਿਚਕਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਦੀ ਇਸਲਾਮਿਕ ਸਰਕਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਦੀ ਦੋ ਵਾਰ ਕੋਸ਼ਿਸ਼ ਕੀਤੀ ਸੀ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਵੱਡਾ ਦਾਅਵਾ
ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਨੇਤਨਯਾਹੂ ਨੇ ਕਿਹਾ, "ਉਹ ਟਰੰਪ ਨੂੰ ਮਾਰਨਾ ਚਾਹੁੰਦੇ ਹਨ। ਉਨ੍ਹਾਂ ਲਈ ਟਰੰਪ ਨੰਬਰ ਇੱਕ ਦੁਸ਼ਮਣ ਹੈ। ਉਹ ਇੱਕ ਮਜ਼ਬੂਤ ਅਤੇ ਨਿਰਣਾਇਕ ਆਗੂ ਹਨ।" ਨੇਤਨਯਾਹੂ ਦੇ ਅਨੁਸਾਰ, ਟਰੰਪ ਨੇ ਕਦੇ ਵੀ ਈਰਾਨ ਨਾਲ ਨਰਮ ਸਮਝੌਤੇ ਨਹੀਂ ਕੀਤੇ, ਸਗੋਂ ਉਨ੍ਹਾਂ ਦੀਆਂ ਪ੍ਰਮਾਣੂ ਮਹੱਤਵਕਾਂਕਸ਼ਾਵਾਂ 'ਤੇ ਸਿੱਧਾ ਵਾਰ ਕੀਤਾ। ਉਨ੍ਹਾਂ ਨੇ ਕਾਸਿਮ ਸੁਲੇਮਾਨੀ ਨੂੰ ਮਾਰਿਆ ਅਤੇ ਸਪੱਸ਼ਟ ਕਰ ਦਿੱਤਾ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਨੇਤਨਯਾਹੂ ਨੇ ਕੀਤਾ ਵੱਡਾ ਖੁਲਾਸਾ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਕਿ ਇਕ ਵਾਰੀ ਉਨ੍ਹਾਂ ਦੇ ਘਰ ਉੱਤੇ ਵੀ ਮਿਸਾਈਲ ਦਾਗੀ ਗਈ ਸੀ, ਜਿਸ ਕਰਕੇ ਉਹ ਆਪਣੇ ਆਪ ਨੂੰ ਵੀ ਈਰਾਨ ਦੇ ਨਿਸ਼ਾਨੇ 'ਤੇ ਦੱਸ ਰਹੇ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ "ਜੂਨੀਅਰ ਸਾਥੀ" ਦੱਸਿਆ, ਜੋ ਈਰਾਨ ਦੀ ਪਰਮਾਣੂ ਤਾਕਤ ਨੂੰ ਰੋਕਣ ਲਈ ਇਕੱਠੇ ਕੰਮ ਕਰ ਰਹੇ ਸਨ।
ਨੇਤਨਯਾਹੂ ਨੇ ਕਿਹਾ ਕਿ ਦੇਸ਼ ਉੱਤੇ ਪਰਮਾਣੂ ਹਮਲੇ ਦਾ ਸਿੱਧਾ ਖ਼ਤਰਾ ਬਣ ਗਿਆ ਸੀ। ਈਰਾਨ ਕੋਲ ਜਲਦੀ ਹੀ ਪਰਮਾਣੂ ਬੰਬ ਬਣਾਉਣ ਅਤੇ 10,000 ਤੋਂ ਵੱਧ ਬੈਲਿਸਟਿਕ ਮਿਸਾਈਲਾਂ ਦੀ ਸਮਰਥਾ ਹੋ ਸਕਦੀ ਸੀ। ਉਨ੍ਹਾਂ ਦੱਸਿਆ ਕਿ ਈਰਾਨ ਖ਼ਿਲਾਫ਼ ਕੀਤੀ ਗਈ ਫੌਜੀ ਕਾਰਵਾਈ, ਜਿਸ ਦਾ ਨਾਂ "ਆਪਰੇਸ਼ਨ ਰਾਇਜ਼ਿੰਗ ਲਾਇਨ" ਰੱਖਿਆ ਗਿਆ ਹੈ, ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸੈਨਿਕ ਕਾਰਵਾਈਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ, “ਅਸੀਂ ਸਿਰਫ ਆਪਣੀ ਸੁਰੱਖਿਆ ਨਹੀਂ ਕਰ ਰਹੇ, ਸਗੋਂ ਦੁਨੀਆ ਨੂੰ ਵੀ ਇਕ ਵੱਡੇ ਪਰਮਾਣੂ ਖ਼ਤਰੇ ਤੋਂ ਬਚਾ ਰਹੇ ਹਾਂ।”
ਨੇਤਨਯਾਹੂ ਵੱਲੋਂ ਈਰਾਨ ਨੂੰ ਸਖ਼ਤ ਚੇਤਾਵਨੀ
ਨੇਤਨਯਾਹੂ ਦੇ ਦਾਵਿਆਂ ਤੋਂ ਬਾਅਦ ਈਰਾਨ ਨੇ ਵੱਡੇ ਪੱਧਰ 'ਤੇ ਬੈਲਿਸਟਿਕ ਮਿਸਾਈਲਾਂ ਨਾਲ ਇਜ਼ਰਾਈਲ 'ਤੇ ਜਵਾਬੀ ਹਮਲਾ ਕੀਤਾ। ਹਾਲਾਂਕਿ, ਇਜ਼ਰਾਈਲੀ ਫੌਜ ਨੇ ਕਈ ਮਿਸਾਈਲਾਂ ਨੂੰ ਰੋਕ ਲਿਆ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਈਰਾਨ ਦੇ ਨਿਊਕਲੀਅਰ ਤੇ ਮਿਸਾਈਲ ਖ਼ਤਰੇ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਨਾਲ ਗੱਲਬਾਤ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਹੁਣ ਸਿਰਫ਼ ਸਖ਼ਤ ਜਵਾਬ ਹੀ ਇਕਲੌਤਾ ਵਿਕਲਪ ਹੈ।






















