NRI ਵਲੰਟੀਅਰਾਂ ਨੇ ਕੇਜਰੀਵਾਲ ਵਿਰੁੱਧ ਖੋਲ੍ਹਿਆ ਮੋਰਚਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਤੇ ਕੇਂਦਰੀ ਹਾਈਕਮਾਨ ਵਿੱਚ ਜਾਰੀ ਕਾਟੋ ਕਲ਼ੇਸ਼ ਤੋਂ ਬਾਅਦ ਪਰਵਾਸੀ ਪੰਜਾਬੀਆਂ 'ਚ ਘੋਰ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਪਾਰਟੀ ਦੇ ਐਨਆਰਆਈ ਵਲੰਟੀਅਰ ਲੀਡਰਸ਼ਿਪ ਤੋਂ ਬਹੁਤ ਔਖੇ ਹਨ। ਪਰਵਾਸੀ ਭਾਰਤੀਆਂ ਨੇ ਪਾਰਟੀ ’ਤੇ ਭਾਰੀ ਖ਼ਰਚਾ ਕਰਕੇ ਮੀਟਿੰਗਾਂ ਲਈ ਫੰਡ ਦਿੱਤੇ ਸਨ ਪਰ ਹੁਣ ਉਹ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਆਸਟਰੇਲੀਆ ਤੋਂ ਬਾਅਦ ਡੈਨਾਮਰਕ ਤੋਂ ਐਨਆਰਆਈ ਵਲੰਟੀਅਰਾਂ ਨੇ ਪਾਰਟੀ ਖਿਲਾਫ ਆਪਣੇ ਰੋਸਿਆਂ ਨੂੰ ਜ਼ਾਹਰ ਕਰਦਿਆਂ ਕੇਜਰੀਵਾਲ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕੀਤਾ ਹੈ।
ਉਨ੍ਹਾਂ ਕੇਜਰੀਵਾਲ ਨੂੰ ਕੁਝ ਸਵਾਲ ਕਰਦਿਆਂ ਜਵਾਬਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਅਸੀਂ ਹੁਣ ਤੱਕ ਪਾਰਟੀ 'ਚ ਹੋ ਰਹੀਆਂ ਬਹੁਤ ਗੱਲਾਂ ਨੂੰ ਅਣਗੌਲਿਆ ਕੀਤਾ ਕਿ ਹੋ ਸਕਦਾ ਜਿਸ ਖਿਲਾਫ ਕਾਰਵਾਈ ਕੀਤੀ ਜਾਂਦੀ ਸੀ ਬੰਦਾ ਗਲਤ ਹੋਵੇਗਾ ਪਰ ਇਹ ਵਰਤਾਰਾ ਦਿਨ-ਬ-ਦਿਨ ਵਧਦਾ ਗਿਆ ਜਿਸ ਤੋਂ ਬਾਅਦ ਅਸੀਂ ਆਪਣੇ ਕੁੱਝ ਸਵਾਲ ਕੇਜਰੀਵਾਲ ਅੱਗੇ ਰੱਖ ਰਹੇ ਹਾਂ ਕਿਉਂਕਿ ਸਾਨੂੰ ਪੰਜਾਬ 'ਚ ਤਾਨਾਸ਼ਾਹ ਵਾਲਾ ਰਵੱਈਆ ਪਸੰਦ ਨਹੀਂ।
'ਆਪ' ਦੇ ਡੈਨਮਾਰਕ ਦੇ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਤੇ ਉਨ੍ਹਾਂ ਨਾਲ ਅੱਠ ਹੋਰ ਪਾਰਟੀ ਸਮਰਥਕਾਂ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਕਈ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਏਬੀਪੀ ਸਾਂਝਾ ਨੂੰ ਈਮੇਲ ਭੇਜ ਕੇ ਕੇਜਰੀਵਾਲ ਤੋਂ ਪਹਿਲਾਂ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਕੱਢੇ ਜਾਣ 'ਤੇ ਸਪੱਸ਼ਟੀਕਰਨ ਦੇਣ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਕੇਜੀਰਵਾਲ ਨੂੰ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਜਨਤਕ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਉਹ ਇਹ ਦੱਸਣ ਕਿ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਾਰਟੀ 'ਚੋਂ ਕਿਉਂ ਮੁਅੱਤਲ ਕੀਤਾ ਗਿਆ ਤੇ ਗੁਰਪ੍ਰੀਤ ਘੁੱਗੀ ਨੂੰ ਪ੍ਰਧਾਨ ਦੇ ਅਹੁਦੇ ਤੋਂ ਕਿਉਂ ਹਟਾਏ ਜਾਣ ਬਾਰੇ ਸਫਾਈ ਮੰਗੀ ਹੈ।
ਡੈਨਮਾਰਕ ਦੇ ਆਗੂਆਂ ਨੇ ਅੱਗੇ ਇਹ ਸਵਾਲ ਕੀਤਾ ਹੈ ਕਿ ਕੇਜਰੀਵਾਲ, ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕਰਨ ਦੇ ਕਾਰਨ ਦੱਸਣ ਤੇ ਇਹ ਵੀ ਦੱਸਣ ਕਿ ਪੰਜਾਬ 'ਆਪ' ਨੂੰ ਉਸ ਦੇ ਹੱਕ ਕਿਉਂ ਨਹੀਂ ਦਿੱਤੇ ਜਾਂਦੇ।
ਉਨ੍ਹਾਂ ਕੇਜਰੀਵਾਲ ਤੇ ਹੋਰਾਂ ਵੱਲੋਂ ਹਰਪਾਲ ਚੀਮਾ ਨੂੰ ਪ੍ਰਧਾਨ ਲਾਉਣ ਨੂੰ ਦਲਿਤ ਭਾਈਚਾਰੇ ਲਈ ਕਲਿਆਣਕਾਰੀ ਦੱਸੇ ਜਾਣ 'ਤੇ ਸਵਾਲ ਕੀਤਾ ਹੈ ਕਿ ਉਹ ਜਾਤੀਵਾਦ ਦੀ ਰਾਜਨੀਤੀ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਵੀਰਾਂ ਨੇ ਵੀ ਓਨੀ ਹੀ ਮਿਹਨਤ ਕੀਤੀ ਜਿੰਨੀ ਅਸੀਂ ਕੀਤੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕੇਜਰੀਵਾਲ ਦਿੱਲੀ 'ਚ ਡਿਪਟੀ ਸੀਐਮ ਕਿਸੇ ਦਲਿਤ ਨੂੰ ਬਣਾਉਣ ਤੇ ਰਾਜਸਭਾ 'ਚ ਵੀ ਇੱਕ ਸੀਟ ਦਲਿਤ ਨੂੰ ਦਿੱਤੀ ਜਾਵੇ।
ਡੈਨਮਾਰਕ ਤੋਂ ਆਪ ਵਲੰਟੀਅਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਦੇਣ ਨਹੀਂ ਅਸੀਂ ਆਪਣਾ ਅਗਲਾ ਫੈਸਲਾ ਲੈਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇ ਅਸੀਂ ਮਿਹਨਤ ਨਾਲ ਪੂਰੇ ਡੈਨਮਾਰਕ 'ਚ ਪਾਰਟੀ ਦਾ ਪ੍ਰਚਾਰ ਕਰ ਸਕਦੇ ਹਾਂ ਤੇ ਵਿਰੋਧ ਵੀ ਕਰ ਸਕਦੇ ਹਾਂ।