ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਸਪੁਰਦ-ਏ-ਖ਼ਾਕ
ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦਾ ਸ਼ੁਕਰਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ 'ਚ ਸੀਨੀਅਰ ਰਾਜਨੀਤਿਕ ਨੇਤਾਵਾਂ ਤੇ ਪੀਐਮਐਲਐਨ ਦੇ ਸਮਰਥਕਾਂ ਸਹਿਤ ਹਜ਼ਾਰਾਂ ਲੋਕ ਸ਼ਾਮਿਲ ਹੋਏ। 68 ਸਾਲਾ ਕੁਲਸੁਮ ਦਾ ਮੰਗਲਵਾਰ ਨੂੰ ਲੰਦਨ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਪਿਛਲੇ ਲੰਮੇ ਸੰਮੇਂ ਤੋਂ ਉਹ ਗਲੇ ਦੇ ਕੈਂਸਰ ਤੋਂ ਪੀੜਤ ਸਨ।
ਲਾਹੌਰ ਦੇ ਸ਼ਰੀਫ ਮੈਡੀਕਲ ਸਿਟੀ 'ਚ ਕੁਲਸੁਮ ਦੇ ਜਨਾਜੇ ਦੀ ਨਮਾਜ ਦੀ ਅਗਵਾਈ ਧਰਮ ਗੁਰੂ ਤਾਰਿਕ ਜਮੀਲ ਨੇ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਤੀ ਉਮਰਾ ਲਿਜਾਇਆ ਗਿਆ। ਕੁਲਸੁਮ ਦੇ ਦੋਵੇਂ ਬੇਟੇ ਹਸਨ ਤੇ ਹੁਸੈਨ ਨਵਾਜ਼ ਨੂੰ ਛੱਡ ਕੇ ਨਵਾਜ਼ ਸ਼ਰੀਫ ਤੇ ਸ਼ਰੀਫ ਪਰਿਵਾਰ ਦੇ ਹੋਰ ਮੈਂਬਰ ਜਨਾਜੇ ਦੀ ਨਮਾਜ਼ 'ਚ ਸ਼ਾਮਿਲ ਹੋਏ। ਦੋਵਾਂ ਨੂੰ ਇਕ ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਭਗੌੜਾ ਕਰਾਰ ਦਿੱਤਾ ਹਇਆ ਹੈ।
ਭ੍ਰਿਸ਼ਟਾਚਾਰ ਦੇ ਮਾਮਲੇ ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਡਿਆਲਾ ਜੇਲ੍ਹ 'ਚ ਸਜ਼ਾ ਕੱਟ ਰਹੇ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਤੇ ਜਵਾਈ ਨੂੰ ਕੁਲਸੁਮ ਦੀਆਂ ਅੰਤਿਮ ਰਸਮਾਂ ਲਈ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ।
ਕੁਲਸੁਮ ਦਾ ਸਰੀਰ ਜਤੀ ਉਮਰਾ ਆਵਾਸ 'ਚ ਦਫਨਾ ਦਿੱਤਾ ਗਿਆ। ਇਸ ਦੇ ਕੋਲ ਹੀ ਉਨ੍ਹਾਂ ਦੇ ਸਹੁਰੇ ਸ਼ਰੀਫ ਤੇ ਦਿਉਰ ਅੱਬਾਸ ਸ਼ਰੀਫ ਦੀ ਕਬਰ ਵੀ ਹੈ।